ਬਰਗਾੜੀ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਵਾਲੀ ਥਾਂ ਤੋਂ ਕੁਝ ਕੁ ਦੂਰੀ ’ਤੇ ਬਰਗਾੜੀ ਦੇ ਚੌਕ ਵਿੱਚ ਸਿੱਖ ਜਥੇਬੰਦੀਆਂ ਦੇ ਕਾਰਕੁਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਲਈ ਪਹੁੰਚਣ ਵਿੱਚ ਸਫ਼ਲ ਹੋ ਗਏ ਸਨ। ਪ੍ਰਦਰਸ਼ਨਕਾਰੀਆਂ ਨੇ ਬਰਗਾੜੀ ਚੌਕ ਵਿਚ ਆਪਣਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਹੱਥਾਂ ਵਿੱਚ ਕਾਲੀਆਂ ਝੰਡੀਆਂ ਲੈ ਕੇ ਜਦੋਂ ਉਹ ਇਥੇ ਰੈਲੀ ਵਾਲੀ ਥਾਂ ਵੱਲ ਵਧਣ ਲੱਗੇ ਤਾਂ ਇਸ ਦੀ ਸੂਹ ਪ੍ਰਸ਼ਾਸਨ ਨੂੰ ਮਿਲ ਗਈ। ਪੁਲੀਸ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਚੌਕ ’ਚੋਂ ਕਾਬੂ ਕਰ ਕੇ ਥਾਣਾ ਬਾਜਾਖਾਨਾ ਵਿੱਚ ਬੰਦ ਕਰ ਦਿੱਤਾ। ਕਾਬੂ ਕੀਤੇ ਆਗੂਆਂ ਵਿੱਚ ਜਸਵਿੰਦਰ ਸਿੰਘ ਸਾਹੋਕੇ, ਭਾਈ ਗੁਰਦੀਪ ਸਿੰਘ ਗੋਂਦਾਰਾ ਅਤੇ ਭਾਈ ਸਤਵੰਤ ਸਿੰਘ ਸ਼ਾਮਲ ਸਨ। ਪੁਲੀਸ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਥਾਣੇ ਲੈ ਕੇ ਜਾ ਰਹੀ ਸੀ ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਰਗਾੜੀ ਮੋਰਚੇ ਦੀ ਸਮਾਪਤੀ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨੁਮਾਇੰਦਿਆਂ ਵੱਲੋਂ ਸਿੱਖ ਸੰਗਤ ਨਾਲ ਵਾਅਦੇ ਕੀਤੇ ਗਏ ਸਨ ਕਿ ਪੰਜਾਬ ਸਰਕਾਰ ਬਰਗਾੜੀ ਨੂੰ ਇਤਿਹਾਸਕ ਦਰਜਾ ਦੇਵੇਗੀ ਤੇ ਉਨ੍ਹਾਂ ਬਠਿੰਡਾ ’ਚ ਗੁਟਕਾ ਸਾਹਿਬ ਫੜ ਕੇ ਸੰਹੁ ਖਾਧੀ ਸੀ ਕਿ ਉਹ ਚਾਰ ਹਫ਼ਤਿਆਂ ਵਿੱਚ ਨਸ਼ਾ ਖ਼ਤਮ ਕਰ ਦੇਣਗੇ ਪਰ ਹਾਲੇ ਤਕ ਉਹ ਨਾ ਸੰਗਤ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਸਕੇ ਤੇ ਨਾ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੇ। ਇਸ ਕਰਕੇ ਉਹ ਕੈਪਟਨ ਅਮਰਿੰਦਰ ਸਿੰਘ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਬਾਜਾਖਾਨਾ ਥਾਣੇ ਅੰਦਰ ਦੇਰ ਸ਼ਾਮ ਤੱਕ ਹਿਰਾਸਤ ਵਿੱਚ ਰੱਖਿਆ ਤੇ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ।
INDIA ਕੈਪਟਨ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਸਿੱਖ ਆਗੂ ਹਵਾਲਾਤ ’ਚ ਡੱਕੇ