ਬਠਿੰਡਾ ਨੂੰ ਮੈਡੀਕਲ ਸੇਵਾਵਾਂ ਦਾ ਗੜ੍ਹ ਬਣਾਵਾਂਗੇ: ਹਰਸਿਮਰਤ

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਜੇਕਰ ਉਹ ਦੁਬਾਰਾ ਇਸ ਹਲਕੇ ਤੋਂ ਚੁਣੇ ਜਾਂਦੇ ਹਨ ਤਾਂ ਉਹ ਬਠਿੰਡਾ ਨੂੰ ਰਾਸ਼ਟਰੀ ਪੱਧਰ ਉੱਤੇ ਮੈਡੀਕਲ ਸਹੂਲਤਾਂ ਦਾ ਗੜ੍ਹ ਬਣਾ ਦੇਣਗੇ, ਜਿਸ ਨਾਲ ਨਾ ਸਿਰਫ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਸਗੋਂ ਇਸ ਸ਼ਹਿਰ ਦੀ ਅਰਥ-ਵਿਵਸਥਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਅੱਜ ਲੰਬੀ ਨੇੜੇ ਜਨਤਕ ਮੀਟਿੰਗਾਂ ਦੌਰਾਨ ਲੋਕਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਅਗਲੇ ਕੁੱਝ ਮਹੀਨਿਆਂ ਵਿਚ ਓਪੀਡੀ ਸ਼ੁਰੂ ਹੋਣ ’ਤੇ ਏਮਜ਼ ਵਿਖੇ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਏਮਜ਼ ਸ਼ੁਰੂ ਹੋਣ ਨਾਲ ਬਠਿੰਡਾ ਅੰਦਰ ਹੋਰ ਮੈਡੀਕਲ ਸੇਵਾਵਾਂ ਵੀ ਲਿਆਂਦੀਆਂ ਜਾ ਸਕਣਗੀਆਂ ਤਾਂ ਕਿ ਇਹ ਦੇਸ਼ ਅੰਦਰ ਮੈਡੀਕਲ ਸਹੂਲਤਾਂ ਦਾ ਗੜ੍ਹ ਬਣ ਜਾਵੇ। ਸੰਸਦ ਮੈਂਬਰ ਨੇ ਕਿਹਾ ਕਿ ਮੈਡੀਕਲ ਸੇਵਾਵਾਂ ਵਿਚ ਵਾਧਾ ਕਰਨ ਤੋਂ ਇਲਾਵਾ ਉਹ ਬਠਿੰਡਾ ਅੰਦਰ ਵਿਦਿਅਕ ਸਹੂਲਤਾਂ ਦਾ ਹੜ੍ਹ ਲਿਆ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਬਠਿੰਡਾ ਅੰਦਰ ਮਲਟੀ ਸਕਿੱਲ ਟਰੇਨਿੰਗ ਸੈਂਟਰ, ਟੈਕਨੀਕਲ ਯੂਨੀਵਰਸਿਟੀ ਅਤੇ ਇੱਕ ਸੈਂਟਰਲ ਯੂਨੀਵਰਸਟੀ ਬਣ ਚੁੱਕੀ ਹੈ। ਉਹ ਆਪਣੇ ਅਗਲੇ ਕਾਰਜਕਾਲ ਦੌਰਾਨ ਇਨ੍ਹਾਂ ਸੰਸਥਾਵਾਂ ਦੀ ਸਮਰੱਥਾ ਅਤੇ ਗੁਣਵੱਤਾ ਵਿਚ ਹੋਰ ਸੁਧਾਰ ਲਿਆਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਇਕ ਸਫਰ ਸ਼ੁਰੂ ਕੀਤਾ ਹੈ, ਇਸ ਨੂੰ ਮੁਕੰਮਲ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ।

Previous articleਮਾਲਿਆ ਤੇ ਮੋਦੀ ਦੀ ਹਵਾਲਗੀ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਨਾਂਹ
Next articleਕੈਪਟਨ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਸਿੱਖ ਆਗੂ ਹਵਾਲਾਤ ’ਚ ਡੱਕੇ