ਮੁੱਖ ਮੰਤਰੀ ਨੇ ਖ਼ੁਦ ਘਰ ਜਾ ਕੇ ਨਾਲ ਤੁਰਨ ਲਈ ਮਨਾਇਆ, ਚੌਧਰੀ ਨੇ ਕੇਪੀ ਦੀ ਹਾਜ਼ਰੀ ’ਚ ਕਾਗਜ਼ ਭਰੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਇਕਜੁੱਟ ਕਰਨ ਦੇ ਇਰਾਦੇ ਨਾਲ ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇਪੀ ਦੇ ਘਰ ਉਨ੍ਹਾਂ ਨੂੰ ਜੱਫੀ ਪਾ ਕੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ। ਕੇਪੀ ਦੀ ਮਾਡਲ ਟਾਊਨ ਸਥਿਤ ਰਿਹਾਇਸ਼ ’ਤੇ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੁਰਾਣੇ ਦੋਸਤ ਹਨ ਤੇ ਉਨ੍ਹਾਂ ਨੂੰ ਮਿਲਣ ਆਏ ਹਨ। ਉਹ ਸਾਰੀਆਂ ਗੱਲਾਂ ਉਨ੍ਹਾਂ ਨਾਲ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਕੇਪੀ ਦੀਆਂ ਸਿਫ਼ਤਾਂ ਕਰਦਿਆਂ ਕਿਹਾ ਕਿ ਉਹ ਸੀਨੀਅਰ ਆਗੂ ਹਨ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹਨ। ਹੁਣ ਸ੍ਰੀ ਕੇਪੀ ਮਿਸ਼ਨ-13 ਲਈ ਡੱਟ ਕੇ ਕੰਮ ਕਰਨਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿੰਦਰ ਸਿੰਘ ਕੇਪੀ ਨੂੰ ਨਾਲ ਲੈ ਕੇ ਹੀ ਚੌਧਰੀ ਸੰਤੋਖ ਸਿੰਘ ਦੇ ਨਾਮਜ਼ਦਗੀ ਪੱਤਰ ਭਰੇ। ਇਸ ਮੌਕੇ ਸਿਰਫ ਪੰਜ ਜਣੇ ਹੀ ਉਨ੍ਹਾਂ ਦੇ ਨਾਲ ਗਏ, ਜਿਨ੍ਹਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚੌਧਰੀ ਸੰਤੋਖ ਸਿੰਘ, ਮਹਿੰਦਰ ਸਿੰਘ ਕੇਪੀ, ਚੌਧਰੀ ਬਿਕਰਮਜੀਤ ਸਿੰਘ ਅਤੇ ਸ੍ਰੀਮਤੀ ਬਿਕਰਮਜੀਤ ਸਿੰਘ ਚੌਧਰੀ ਸ਼ਾਮਿਲ ਸਨ। ਜਦੋਂ ਨਾਮਜ਼ਦਗੀ ਪੱਤਰ ’ਤੇ ਚੌਧਰੀ ਸੰਤੋਖ ਸਿੰਘ ਦਸਤਖਤ ਕਰਨ ਲੱਗੇ ਤਾਂ ਉਨ੍ਹਾਂ ਕੋਲ ਪੈੱਨ ਨਹੀਂ ਸੀ ਤਾਂ ਉਨ੍ਹਾਂ ਦੇ ਨਾਲ ਖੜ੍ਹੇ ਸ੍ਰੀ ਕੇਪੀ ਨੇ ਆਪਣਾ ਪੈੱਨ ਕੱਢ ਕੇ ਉਨ੍ਹਾਂ ਨੂੰ ਦਿੱਤਾ। ਨਾਮਜ਼ਦਗੀ ਦਾਖ਼ਲ ਕਰਨ ਮਗਰੋਂ ਸਾਰੇ ਆਗੂ ਸਿੱਧੇ ਹੀ ਚੋਣ ਰੈਲੀ ਵਾਲੀ ਥਾਂ ’ਤੇ ਪੁੱਜੇ। ਚੌਧਰੀ ਸੰਤੋਖ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਇਕ ਵਾਰੀ ਮਹਿੰਦਰ ਸਿੰਘ ਕੇਪੀ ਦਾ ਜ਼ਿਕਰ ਕੀਤਾ। ਸਮਾਗਮ ਦੇ ਅਖੀਰ ਵਿੱਚ ਮਹਿੰਦਰ ਸਿੰਘ ਕੇਪੀ ਦੀ ਧੰਨਵਾਦ ਕਰਨ ਲਈ ਜ਼ਿੰਮੇਵਾਰੀ ਲਾਈ ਗਈ ਸੀ, ਪਰ ਉਨ੍ਹਾਂ ਨੇ ਬਿਨਾਂ ਕੁਝ ਕਹੇ ਹੱਥ ਹਿਲਾ ਕੇ ਹੀ ਧੰਨਵਾਦ ਕੀਤਾ। ਪੱਤਰਕਾਰਾਂ ਨਾਲ ਮਗਰੋਂ ਗੱਲਬਾਤ ਕਰਦਿਆਂ ਸ੍ਰੀ ਕੇਪੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਸਤਿਕਾਰਤ ਆਗੂ ਹਨ। ਉਨ੍ਹਾਂ ਦਾ ਪਰਿਵਾਰ 60 ਸਾਲ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਪੰਜਾਬ ’ਚ ਅਮਨ ਸ਼ਾਂਤੀ ਦੀ ਖਾਤਰ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਕੇਪੀ ਨੇ ਕੁਰਬਾਨੀ ਦਿੱਤੀ ਸੀ। ਟਿਕਟ ਨਾ ਮਿਲਣ ’ਤੇ ਜਿਹੜੀ ਪ੍ਰੇਸ਼ਾਨੀ ਨਜ਼ਰ ਆਈ ਸੀ ਉਹ ਜਮਹੂਰੀ ਢੰਗ ਨਾਲ ਉਨ੍ਹਾਂ ਪਾਰਟੀ ਅੰਦਰ ਰੱਖੀ। ਪਾਰਟੀ ਨੇ ਉਨ੍ਹਾਂ ਨੂੰ ਬਹੁਤ ਸਾਰੇ ਅਹੁਦੇ ਦੇ ਕੇ ਮਾਣ ਬਖਸ਼ਿਆ ਹੈ, ਉਹ ਇਸ ਕਰਜ਼ ਨੂੰ ਉਤਾਰਨ ਲਈ ਜਲੰਧਰ ਤੋਂ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਲਈ ਕੰਮ ਕਰਨਗੇ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਲੀਡਰਸ਼ਿਪ ਦੇ ਸੰਪਰਕ ਵਿੱਚ ਹੋਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਕੇਪੀ ਨੇ ਕਿਹਾ ਕਿ ਹਰ ਪਾਰਟੀ ਚੰਗੇ ਦਲਿਤ ਚਿਹਰੇ ਦੀ ਭਾਲ ਵਿਚ ਰਹਿੰਦੀ ਹੈ, ਪਰ ਉਹ ਪੱਕੇ ਕਾਂਗਰਸੀ ਹਨ ਤੇ ਕਾਂਗਰਸੀ ਹੀ ਰਹਿਣਗੇ। ਉਨ੍ਹਾਂ ਨੂੰ ਪਾਰਟੀ ਵਿਚ ਕਿਸੇ ਵੀ ਅਹੁਦੇ ਦੀ ਭੁੱਖ ਨਹੀਂ ਹੈ। ਸਮਾਗਮ ਮਗਰੋਂ ਮਹਿੰਦਰ ਸਿੰਘ ਕੇਪੀ ਤੇ ਚੌਧਰੀ ਸੰਤੋਖ ਸਿੰਘ ਨੇ ਇਕ-ਦੂਜੇ ਨੂੰ ਜੱਫੀਆਂ ਪਾ ਕੇ ਫੋਟੋਆਂ ਵੀ ਖਿਚਵਾਈਆਂ।