* ਅਲਬਰਟਾ ’ਚੋਂ ਲਿਬਰਲ ਪਾਰਟੀ ਦਾ ਸਫਾਇਆ
* ਪੰਜਾਬੀ ਸੰਸਦ ਮੈਂਬਰਾਂ ਨੇ ਪਿਛਲਾ ਅੰਕੜਾ ਬਰਕਰਾਰ ਰੱਖਿਆ
ਕੈਨੇਡਾ ਦੀਆਂ ਸੰਸਦੀ ਚੋਣਾਂ ਲਈ ਪੌਣੇ ਤਿੰਨ ਕਰੋੜ ਵੋਟਰਾਂ ’ਚੋਂ 62 ਫੀਸਦ ਲੋਕਾਂ ਵਲੋਂ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਬਾਅਦ ਆਏ ਨਤੀਜਿਆਂ ’ਚ ਲਿਬਰਲ ਪਾਰਟੀ ਭਾਵੇਂ ਕਿ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਪਰ ਸਭ ਤੋਂ ਵੱਡੀ ਪਾਰਟੀ ਵਜੋ ਉਭਰਨ ’ਚ ਸਫਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਿਰ ਤੋਂ ਸਰਕਾਰ ਬਣਾਉਣਗੇ। ਐੱਨਡੀਪੀ ਆਗੂ ਜਗਮੀਤ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਅਜਿਹੀ ਸਥਿਤੀ ’ਚ ਉਹ ਲਿਬਰਲ ਪਾਰਟੀ ਦਾ ਸਮਰਥਨ ਕਰਨਗੇ। ਇਨ੍ਹਾਂ ਚੋਣਾਂ ਵਿੱਚ ਪੰਜਾਬੀ ਉਮੀਦਵਾਰ ਫਿਰ ਤੋਂ 18 ਸੀਟਾਂ ਉੱਤੇ ਜਿੱਤ ਹਾਸਲ ਕਰ ਗਏ ਹਨ।
338 ਮੈਂਬਰੀ ਕੈਨੇਡੀਅਨ ਸੰਸਦ ’ਚ ਸੱਤਾਧਾਰੀ ਲਿਬਰਲ ਪਾਰਟੀ ਨੂੰ 157 ਸੀਟਾਂ ’ਤੇ ਜਿੱਤ ਹਾਸਲ ਹੋਈ ਜੋ ਬਹੁਗਿਣਤੀ ਦੇ ਅੰਕੜੇ ਤੋਂ 13 ਘੱਟ ਹੈ। ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ, ਐੱਨਡੀਪੀ ਨੂੰ 24 ਸੀਟਾਂ, ਕਿਊਬਿਕ ਬਲਾਕ ਨੂੰ 32 , ਗਰੀਨ ਪਾਰਟੀ ਨੂੰ 3 ਅਤੇ ਇੱਕ ਸੀਟ ਆ਼ਜ਼ਾਦ ਉਮੀਦਵਾਰ ਨੇ ਜਿੱਤੀ ਹੈ। ਅਲਬਰਟਾ ਸੂਬੇ ਦੀਆਂ 34 ਸੀਟਾਂ ’ਚੋਂ 33 ਸੀਟਾਂ ਟੋਰੀ ਪਾਰਟੀ ਦੀ ਝੋਲੀ ਪੈ ਗਈਆਂ ਤੇ ਲਿਬਰਲ ਪਾਰਟੀ ਦਾ ਪੂਰਾ ਸਫ਼ਾਇਆ ਹੋ ਗਿਆ। ਇਥੋਂ ਐੱਨਡੀਪੀ ਨੂੰ ਇੱਕ ਸੀਟ ਮਿਲੀ। ਬ੍ਰਿਟਿਸ਼ ਕੋਲੰਬੀਆ ’ਚ ਟੋਰੀ ਪਾਰਟੀ ਤਿੰਨਾਂ ਪਾਰਟੀਆਂ ’ਚੋਂ ਮੋਹਰੀ ਰਹੀ, ਜਦ ਕਿ ਲਿਬਰਲ ਤੇ ਐੱਨਡੀਪੀ ਨੇ ਇਕੋਂ ਜਿੰਨੀਆਂ ਸੀਟਾਂ ਜਿੱਤੀਆਂ।ਮਲਟਿਨ ਮਿਸੀਸਾਗਾ ਸੀਟ ਤੋਂ ਪਿਛਲੀ ਸਰਕਾਰ ਦੇ ਕੈਬਨਿਟ ਮੰਤਰੀ ਨਵਦੀਪ ਬੈਂਸ ਦੁਬਾਰਾ ਚੋਣ ਜਿੱਤ ਗਏ ਹਨ। ਬਰੈਂਪਟਨ ਦੀਆਂ ਪੰਜ ਦੀਆਂ ਪੰਜ ਸੀਟਾਂ ਲਿਬਰਲ ਪਾਰਟੀ ਦੇ ਪੰਜਾਬੀ ਉਮੀਦਵਾਰਾਂ ਨੇ ਜਿੱਤ ਲਈਆਂ ਹਨ। ਇਹ ਇਲਾਕਾ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇਨ੍ਹਾਂ ਵਿੱਚ ਪਾਰਲੀਮੈਂਟ ਸੀਟ ਬਰੈਂਪਟਨ (ਈਸਟ) ਤੋਂ ਮਨਿੰਦਰ ਸਿੱਧੂ ਸਫਲ ਹੋ ਗਏ ਹਨ। ਬਰੈਂਪਟਨ (ਨਾਰਥ) ਵਿੱਚ ਰੂਬੀ ਸਹੋਤਾ ਨੇ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ । ਬਰੈਂਪਟਨ (ਵੈਸਟ) ਤੋ ਕਮਲ ਖਹਿਰਾ ਜਿੱਤ ਗਏ ਹਨ। ਇਸੇ ਤਰ੍ਹਾਂ ਬਰੈਂਪਟਨ ਸੈਂਟਰ ਤੋਂ ਰਮੇਸ਼ ਸੰਘਾ ਜਿੱਤੇ ਹਨ। ਬਰੈਂਪਟਨ ਦੱਖਣੀ ਤੋ ਸੋਨੀਆ ਸਿੱਧੂ ਚੋਣ ਜਿੱਤੇ ਹਨ। ਮਿਸੀਸਾਗਾ ਸਟਰੀਟਵਿਲ ਗਗਨ ਸਿਕੰਦ, ਕਿਚਨਰ ਸੈਂਟਰ ਤੋਂ ਰਾਜ ਸੈਨੀ, ਸਰੀ ਨਿਊਟਨ ਤੋਂ ਸੁੱਖ ਧਾਲੀਵਾਲ ਦੁਬਾਰਾ ਚੋਣ ਜਿੱਤ ਗਏ ਹਨ, ਸਰੀ (ਸੈਂਟਰਲ) ਸੀਟ ਤੋ ਰਣਦੀਪ ਸਿੰਘ ਸਰਾਏ, ਉਕਵਿਲ ਸੀਟ ਤੋਂ ਅਨੀਤਾ ਅਨੰਦ ਜਿੱਤੇ ਹਨ। ਕਿਊਬਿਕ ਡੋਰਵਿਲ ਸੀਟ ਤੋ ਅੰਜੂ ਢਿਲੋਂ , ਓਂਟਾਰੀਓ ਵਾਟਰਲੂ ਤੋਂ ਮਨਦੀਪ ਚੱਗਰ ਜੇਤੂ ਰਹੇ ਹਨ, ਓਂਟਾਰੀਓ ਨੇਪੀਅਨ ਸੀਟ ਤੋਂ ਚੰਦਰ ਆਰੀਆ ਜੇਤੂ ਰਹੇ, ਮਾਰਖਮ ਤੋਂ ਬੌਬ ਸਰੋਆ, ਸਕਾਰਬਰੋ ਰੋਗ ਪਾਰਕ ਤੋਂ ਗੈਰੀ ਅਨੰਦ ਸਾਗਰੀ ਚੋਣ ਜਿਤੇ ਹਨ। ਉਪਰੋਕਤ ਸਾਰੇ ਉਮੀਦਵਾਰ ਲਿਬਰਲ ਪਾਰਟੀ ਦੀ ਟਿਕਟ ਤੋਂ ਜਿਤੇ ਹਨ।ਇਸੇ ਤਰ੍ਹਾਂ ਹੋਰ ਪਾਰਟੀਆਂ ਵਿੱਚ ਮਾਰਖ਼ਮ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਬੌਬ ਸਰੋਆ ਸਫ਼ਲ ਹੋਏ ਹਨ। ਐਡਮਿੰਟਨ ਮਿਲ ਵੁੱਡਜ਼ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਟਿਮ ਉਪਲ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਸਾਬਕਾ ਮੰਤਰੀ ਅਮਰਜੀਤ ਸਿੰਘ ਸੋਹੀ ਨੂੰ ਹਰਾਇਆ ਹੈ। ਕੈਲਗਿਰੀ ਸਕਾਈਵਿਊ ਸੀਟ ਤੋਂ ਕੰਜ਼ਰਵੇਟਿਵ ਦੀ ਟਿਕਟ ਉੱਤੇ ਜੈਗ ਸਹੋਤਾ ਚੋਣ ਜਿਤੇ ਹਨ। ਕੈਲਗਿਰੀ ਫੋਰੈਸਟ ਲਾਅਨ ਸੀਟ ਤੋਂ ਕੰਜ਼ਰਵੇਟਿਵ ਦੇ ਜਸਰਾਜ ਸਿੰਘ ਹਾਲਾ ਆਦਿ ਚੋਣ ਜਿੱਤ ਗਏ ਹਨ। ਆਜ਼ਾਦ ਉਮੀਦਵਾਰ ਵਜੋਂ ਜਿੱਤੀ ਇੱਕੋ- ਇਕ ਸੀਟ ਵੈਨਕੂਵਰ ਗਰੈਨਵਿਲੇ ਹੈ, ਜਿਥੋ ਜੂਡੀ ਵਿਲਸਨ ਨੇ ਮਾਅਰਕਾ ਮਾਰਿਆ ਹੈ। ਖੁਦਮੁਖ਼ਤਾਰੀ ਦੀ ਸੋਚ ਰੱਖਦੇ ਕਾਫੀ ਲੋਕਾਂ ਵਾਲੇ ਕਿਊਬਕ ਸੂਬੇ ਦੀਆਂ 78 ਸੀਟਾਂ ਉੱਤੇ ਟੋਰੀ ਪਾਰਟੀ ਤੀਜੇ ਨੰਬਰ ’ਤੇ ਆਈ। 121 ਸੀਟਾਂ ਵਾਲੇ ਉਂਟਾਰੀਓ ਸੂਬੇ ’ਚੋਂ ਲਿਬਰਲ ਪਾਰਟੀ ਨੂੰ ਵੱਡਾ ਸਮਰਥਨ ਮਿਲਿਆ।