ਸਰੀ, 20 ਨਵੰਬਰ, 2019 : ਸਰੀ ਦੀ ਆਰ ਸੀ ਐਮ ਪੀ ਨੇ ਖੁਲ•ਾਸਾ ਕੀਤਾ ਹੈ ਕਿ ਨਿਊਟਨ ਇਲਾਕੇ ਵਿਚ ਦੋ ਗਰੁੱਪਾਂ ਵਿਚ ਝਗੜੇ ਦੀ ਘਟਨਾ ਵੀਡੀਓ ਵਿਚ ਕੈਦ ਹੋਣ ਮਗਰੋਂ ਤਿੰਨ ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਦੱਸਿਆ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਅਤੇ 50 ਵਿਅਕਤੀਆਂ ਦੀ ਤਲਾਸ਼ ਵਿਚ ਹਨ ਜੋ ਨੌਜਵਾਨਾਂ ਦੇ ਵੱਡੇ ਟੋਲਿਆਂ ਵਿਚ ਸ਼ਾਮਲ ਸਨ, ਇਹਨਾਂ ਵਿਚੋਂ ਕੁਝ ਕੌਮਾਂਤਰੀ ਵਿਦਿਆਰਥੀ ਹਨ, ਜੋ ਝਗੜਦੇ ਹੋਏ ਵੀਡੀਓ ਵਿਚ ਕੈਦ ਹੋਏ ਹਨ। ਪੁਲਿਸ ਮੁਤਾਬਕ ਪਹਿਲੀ ਵੀਡੀਓ ਵਿਚ ਸਟ੍ਰਾਬੈਰੀ ਹਿਲਜ਼ ਵਿਚ ਅਗਸਤ ਮਹੀਨੇ ਦੌਰਾਨ ਇਕ ਸਟ੍ਰਿਪ ਮਾਲ ਦੀ ਪਾਰਕਿੰਗ ਵਿਚ ਹੋਈ ਲੜਾਈ ਕੈਦ ਹੋਈ ਹੈ। ਦੂਜੀ ਵੀਡੀਓ ਵੀ ਇਕ ਪਾਰਕਿੰਗ ਦੀ ਹੈ ਜੋ 11 ਨਵੰਬਰ ਤੜਕਸਾਰ ਹੋਈ ਲੜਾਈ ਦੀ ਹੈ ਜਿਸ ਵਿਚ ਹਥਿਆਰਾਂ ਨਾਲ ਹਮਲਾ ਹੁੰਦਾ ਦਿਸ ਰਿਹਾ ਹੈ।
ਮਾਉਂਟੀਜ਼ ਦਾ ਕਹਿਣਾ ਹੈ ਕਿ ਮਾਰਚ ਮਹੀਨੇ ਤੋਂ ਸਟ੍ਰਾਬੈਰੀ ਹਿਲਜ਼ ਵਿਚ ਨੌਜਵਾਨਾਂ ਵਿਚ ਇਕੱਤਰ ਹੋਣ, ਸ਼ਰਾਬ ਪੀਣ ਅਤੇ ਫਿਰ ਲੜ ਪੈਣ ਦੀਆਂ ਘਟਨਾਵਾਂ ਤੋਂ ਚਿੰਤਤ ਲੋਕਾਂ ਦੀ ਸੁਰੱਖਿਆ ਦੇ ਮਾਮਲੇ ‘ਤੇ ਕਮਿਊਨਿਟੀ ਰਿਸਪਾਂਸ ਯੂਨਿਟ ਕੰਮ ਕਰ ਰਹੀ ਹੈ। ਪੁਲਿਸ ਨੇ ਵੀ ਆਖਿਆ ਹੈ ਕਿ ਡਾਇਵਰਸਿਟੀ ਐਂਡ ਇੰਡੀਜੀਨਸ ਪੀਪਲਜ਼ ਯੂਨਿਟ ਵੀ ਸਥਾਨਕ ਕੌਮਾਂਤਰੀ ਵਿਦਿਆਰਥੀ ਐਸੋਸੀਏਸ਼ਨਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤੇ ਉਹਨਾਂ ਨੂੰ ਸਿੱਖਿਅਤ ਕਰ ਰਹੀ ਹੈ।