ਕੈਨੇਡਾ ਆਵਾਸ ਧੋਖਾਧੜੀ ਮਾਮਲੇ ’ਚ ਚਾਰ ਹੋਰ ਪੰਜਾਬੀ ਕਾਰੋਬਾਰੀ ਘਿਰੇ

ਵੈਨਕੂਵਰ (ਸਮਾਜ ਵੀਕਲੀ) : ਕੈਨੇਡਾ ਆਵਾਸ ਧੋਖਾਧੜੀ ਮਾਮਲੇ ’ਚ ਚਾਰ ਹੋਰ ਪੰਜਾਬੀ ਘਿਰ ਗਏ ਹਨ। ਇਸ ਮਾਮਲੇ ਵਿੱਚ ਕੈਨ ਏਸ਼ੀਆ ਇਮੀਗਰੇਸ਼ਨ ਸਰੀ ਦੇ ਰੁਪਿੰਦਰ ਬਾਠ ਤੇ ਨਵਦੀਪ ਕੌਰ ਬਾਠ (ਪਤੀ-ਪਤਨੀ) ਪਹਿਲਾਂ ਹੀ ਜੇਲ੍ਹ ਵਿੱਚ ਹਨ। ਉਨ੍ਹਾਂ ਤੋਂ ਕੀਤੀ ਪੁੱਛ-ਪੜਤਾਲ ਦੌਰਾਨ ਖੁੱਲ੍ਹੀਆਂ ਪਰਤਾਂ ਕਰਕੇ ਚਾਰ ਹੋਰ ਪੰਜਾਬੀ ਕਾਰੋਬਾਰੀਆਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਇਸ ਦੌਰਾਨ ਸ਼ੱਕ ਦੀ ਸੂਈ 25 ਹੋਰ ਕੰਪਨੀਆਂ ਅਤੇ ਪੱਕੇ ਹੋਏ 144 ਵਿਅਕਤੀਆਂ ’ਤੇ ਆਣ ਖੜੀ ਹੈ।

ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਦੇ ਜਾਂਚ ਅਧਿਕਾਰੀ ਗੈਰੀ ਢਿਲੋਂ ਵਲੋਂ ਲੰਮਾ ਸਮਾਂ ਕੀਤੀ ਜਾਂਚ ਵਿਚ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਸੱਦਣ ਬਦਲੇ ਮੋਟੀਆਂ ਰਕਮਾਂ ਲੈਣ ਦਾ ਭੇਤ ਖੁੱਲ੍ਹਿਆ ਹੈ। ਇਸ ਦੌਰਾਨ ਇਹ ਵੀ ਪਤਾ ਲੱਗਾ ਕਿ ਅਜਿਹੇ ਕਾਰੋਬਾਰੀ ਸਿਆਸੀ ਆਗੂਆਂ ਨਾਲ ਨੇੜਤਾ ਬਣਾ ਕੇ ਗਾਹਕਾਂ ਨੂੰ ਪ੍ਰਭਾਵਿਤ ਕਰਦੇ ਹਨ। ਸੂਤਰਾਂ ਅਨੁਸਾਰ ਇਸ ਕੇੇਸ ਦੀ ਗਾਜ਼ ਸਿਆਸੀ ਲੋਕਾਂ ’ਤੇ ਵੀ ਡਿੱਗ ਸਕਦੀ ਹੈ।

ਜਾਂਚ ਟੀਮ ਵਲੋਂ ਦੋਸ਼ੀ ਗਰਦਾਨੇ ਗਏ ਚਾਰ ਕਾਰੋਬਾਰੀਆਂ ਵਿਚ ਓਲੀਵਰ ਦੇ ਰਹਿਣ ਵਾਲੇ ਤੇ ਵਾਈਨਰੀ ਦੇ ਮਾਲਕ ਰਣਧੀਰ ਤੂਰ ਉਤੇ 18 ਦੋਸ਼ ਲੱਗੇ ਹਨ। ਉਸ ਉੱਤੇ ਦੋਸ਼ ਹੈ ਕਿ ਉਸ ਨੇ ਫਰਜ਼ੀ ਕੰਪਨੀ ਦੇ ਨਾਂ ’ਤੇ ਐੱਲਐੱਮਆਈਏ ਲੈ ਕੇ ਵੇਚੀਆਂ। ਉਸ ਦੀ ਅਦਾਲਤ ’ਚ ਪੇਸ਼ੀ 21 ਅਕਤੂਬਰ ਨੂੰ ਹੈ। ਪੈਂਟਿਕਟਨ ਦੇ ਰੀਅਲ ਐਸਟੇਟ ਕਾਰੋਬਾਰੀ ਸੁਰਿੰਦਰ ਕੁਮਾਰ ਸਿੰਗਲਾ ਉਤੇ ਸਰਕਾਰ ਤੇ ਲੋਕਾਂ ਨਾਲ ਫਰਾਡ ਦੇ 10 ਦੋਸ਼ ਲੱਗੇ ਹਨ। ਉਸ ਦੀ ਪੇਸ਼ੀ ਵੀ 21 ਅਕਤੂਬਰ ਨੂੰ ਹੈ।

60 ਟਰੱਕਾਂ ਦੀ ਫਲੀਟ ਤੇ 100 ਮੁਲਾਜ਼ਮ ਹੋਣ ਦਾ ਫਰਜ਼ੀ ਦਾਅਵਾ ਕਰਕੇ 10 ਵਿਦੇਸ਼ੀ ਲੋਕਾਂ ਨੂੰ ਪੱਕੇ ਕਰਾਉਣ ਬਦਲੇ ਮੋਟੀਆਂ ਰਕਮਾਂ ਲੈਣ ਵਾਲੇ ਬਰਨਬੀ ਵਾਸੀ ਵੇਦ ਕਲੇਰ ਉੱਤੇ 6 ਦੋਸ਼ ਹਨ। ਐਜੀਫੋਰਸ ਸਕਿਉਰਟੀ ਕੰਪਨੀ ਦੇ ਮਾਲਕ ਗੁਰਤਾਜ ਸਿੰਘ ਗਰੇਵਾਲ ਉੱਤੇ ਇਕ ਔਰਤ ਨੂੰ ਪੱਕੀ ਕਰਾਉਣ ਲਈ ਸਰਕਾਰ ਕੋਲ ਫਰਜ਼ੀ ਸਬੂਤ ਪੇਸ਼ ਕਰਨ ਦਾ ਦੋਸ਼ ਲੱਗਾ ਹੈ। ਉਸ ਨੂੰ 15 ਅਕਤੂਬਰ ਨੂੰ ਸਰੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਏਗਾ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਬੇਸ਼ੱਕ ਸਾਰੇ ਜਾਅਲੀ ਦਸਤਾਵੇਜ਼ ਰੁਪਿੰਦਰ ਬਾਠ ਵਲੋਂ ਤਿਆਰ ਕੀਤੇ ਜਾਂਦੇ ਸੀ, ਪਰ ਉਸ ਵਿੱਚ ਦੋਸ਼ੀਆਂ ਦੀ ਸਹਿਮਤੀ ਹੁੰਦੀ ਸੀ।

Previous articleਐੱਚ1-ਬੀ ਵੀਜ਼ਾ ’ਤੇ ਨਵੀਆਂ ਪਾਬੰਦੀਆਂ ਸਿਆਸੀ ਮੁਫ਼ਾਦਾਂ ਲਈ ਕੀਤੀ ਕਾਰਵਾਈ: ਡੈਮੋਕ੍ਰੈਟਸ
Next articleਬੇਕਸੂਰਾਂ ਨੂੰ ਅਤਿਵਾਦੀ ਐਲਾਨਣ ਲਈ ਸਲਾਮਤੀ ਕੌਂਸਲ ਦੀ ਦੁਰਵਰਤੋਂ ਨਾ ਹੋਵੇ: ਭਾਰਤ