ਬੇਕਸੂਰਾਂ ਨੂੰ ਅਤਿਵਾਦੀ ਐਲਾਨਣ ਲਈ ਸਲਾਮਤੀ ਕੌਂਸਲ ਦੀ ਦੁਰਵਰਤੋਂ ਨਾ ਹੋਵੇ: ਭਾਰਤ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਭਾਰਤ ਨੇ ਚਾਰ ਭਾਰਤੀ ਨਾਗਰਿਕਾਂ ਅੰਗਾਰਾ ਅੱਪਾਜੀ, ਗੋਬਿੰਦਾ ਪਟਨਾਨਿਕ, ਅਜੈ ਮਿਸਤਰੀ ਅਤੇ ਵੇਣੂਮਾਧਵ ਡੋਂਗਰਾ ਨੂੰ ‘1267 ਅਲ ਕਾਇਦਾ ਪਾਬੰਦੀ ਕਮੇਟੀ’ ਤਹਿਤ ਸੂਚੀਬੱਧ ਕਰਾਉਣ ਦੀ ਪਾਕਿਸਤਾਨ ਦੀ ਨਾਕਾਮ ਕੋਸ਼ਿਸ਼ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਮੁਲਕਾਂ ਨੂੰ ‘ਬਦਲਾ ਲੈਣ ਦੇ ਇਰਾਦੇ ਨਾਲ ਬੇਕਸੂਰ ਆਮ ਨਾਗਰਿਕਾਂ’ ਨੂੰ ਬਿਨਾਂ ਕਿਸੇ ਭਰੋਸੇਯੋਗ ਸਬੂਤ ਦੇ ਅਤਿਵਾਦੀ ਵਜੋਂ ਸੂਚੀਬੱਧ ਕਰਾਉਣ ਲਈ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

ਪਾਕਿਸਤਾਨ ਨੇ ਚਾਰ ਭਾਰਤੀਆਂ ’ਤੇ ਪਾਬੰਦੀ ਲਗਾਉਣ ਲਈ ਉਨ੍ਹਾਂ ਦੇ ਨਾਮ ਭੇਜੇ ਸਨ। ਪਰਿਸ਼ਦ ’ਚ ਅੱਪਾਜੀ ਅਤੇ ਪਟਨਾਇਕ ਨੂੰ ਅਤਿਵਾਦੀ ਐਲਾਨੇ ਜਾਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਬੈਲਜੀਅਮ ਨੇ ਪਿਛਲੇ ਮਹੀਨੇ ਨਾਕਾਮ ਬਣਾ ਦਿੱਤਾ ਸੀ। ਸੂਤਰਾਂ ਮੁਤਾਬਕ ਇਨ੍ਹਾਂ ਦੋਹਾਂ ਦੇ ਨਾਮ ਅਤਿਵਾਦੀ ਸੂਚੀ ’ਚ ਜੋੜਨ ਦੀ ਆਪਣੀ ਮੰਗ ਦੇ ਸਮਰਥਨ ’ਚ ਪਾਕਿਸਤਾਨ ਨੇ ਕੋਈ ਸਬੂਤ ਨਹੀਂ ਭੇਜਿਆ ਸੀ। ਇਸ ਤੋਂ ਪਹਿਲਾਂ ਜੂਨ-ਜੁਲਾਈ ’ਚ ਅਜੈ ਮਿਸਤਰੀ ਅਤੇ ਵੇਣੂਮਾਧਵ ਡੋਂਗਰਾ ਦੇ ਨਾਮ ਸੂਚੀ ’ਚ ਸ਼ਾਮਲ ਕਰਨ ਦੀ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ ਸਨ।

ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ’ਚ ਪ੍ਰਥਮ ਸਕੱਤਰ ਅਤੇ ਕਾਨੂੰਨੀ ਸਲਾਹਕਾਰ ਯੇਦਲਾ ਉਮਾਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਛੇਵੀਂ ਕਮੇਟੀ ’ਚ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਸੀ ਕਿ ਭਾਰਤ ਸਰਹੱਦ ਪਾਰੋਂ ਅਤਿਵਾਦ ਦਾ ਪੀੜਤ ਹੈ ਅਤੇ ਉਨ੍ਹਾਂ ਮੁਲਕਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਅਤਿਵਾਦ ਨੂੰ ਹਮਾਇਤ ਅਤੇ ਪਨਾਹ ਦਿੰਦੇ ਹਨ।

Previous articleਕੈਨੇਡਾ ਆਵਾਸ ਧੋਖਾਧੜੀ ਮਾਮਲੇ ’ਚ ਚਾਰ ਹੋਰ ਪੰਜਾਬੀ ਕਾਰੋਬਾਰੀ ਘਿਰੇ
Next articleਅਫ਼ਗਾਨ ਸ਼ਾਂਤੀ ਪਰਿਸ਼ਦ ਦੇ ਮੁਖੀ ਵੱਲੋਂ ਮੋਦੀ ਨਾਲ ਮੁਲਾਕਾਤ