ਨਵੀਂ ਦਿੱਲੀ (ਸਮਾਜਵੀਕਲੀ) : ਕੇਰਲਾ ’ਚ ਸੋਨੇ ਦੀ ਤਸਕਰੀ ਦੇ ਮਾਮਲੇ ’ਚ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸਫ਼ਾਰਤਖਾਨੇ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਇਹ ਮਾਮਲਾ ਜਾਂਚ ਅਧੀਨ ਹੈ। ਸਿਆਸੀ ਸਫਾਂ ’ਚ ਇਸ ਮਾਮਲੇ ਨੇ ਜ਼ੋਰ ਫੜ ਲਿਆ ਹੈ।
ਤਿਰੂਵਨੰਤਪੁਰਮ ਹਵਾਈ ਅੱਡੇ ’ਤੇ 30 ਕਿਲੋ ਸੋਨਾ ਬਰਾਮਦ ਹੋਇਆ ਸੀ। ਸ਼ੱਕੀ ਸਵਪਨਾ ਸੁਰੇਸ਼ ਨੇ ਕੇਰਲਾ ਹਾਈ ਕੋਰਟ ’ਚ ਦਾਅਵਾ ਕੀਤਾ ਹੈ ਕਿ ਉਸ ਨੇ ਯੂਏਈ ਦੇ ਸਥਾਨਕ ਕੌਂਸੁਲੇਟ ਦੇ ਕਾਰਜਕਾਰੀ ਮੁਖੀ ਰਾਸ਼ਿਦ ਖਾਮਿਸ ਅਲ ਸ਼ਮੇਲੀ ਦੇ ਨਿਰਦੇਸ਼ਾਂ ’ਤੇ ਕਸਟਮ ਅਧਿਕਾਰੀ ਨਾਲ ਸੰਪਰਕ ਸਾਧਿਆ ਸੀ।
ਮੰਨਿਆ ਜਾ ਰਿਹਾ ਹੈ ਕਿ ਇਹ ਸੋਨਾ ਯੂਏਈ ਕੌਂਸੁਲੇਟ ’ਚ ਪਹੁੰਚਾਇਆ ਜਾਣਾ ਸੀ ਅਤੇ 9 ਤੋਂ 10 ਵਾਰ ਸੋਨੇ ਦੀ ਅਜਿਹੀ ਖੇਪ ਪਹਿਲਾਂ ਹੀ ਆ ਚੁੱਕੀ ਹੈ। ਸਵਪਨਾ ਨੇ ਦਾਅਵਾ ਕੀਤਾ ਕਿ ਉਸ ਨੂੰ ਯੂਏਈ ਕੌਂਸੁਲੇਟ ਨੇ ਬੇਨਤੀ ਦੇ ਆਧਾਰ ’ਤੇ ਇਹ ਕੰਮ ਸੌਂਪਿਆ ਸੀ।