ਦਿੱਲੀ ਦੀ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਹੋਰ 11 ਵਿਧਾਇਕਾਂ ਨੂੰ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਸੰਮਨ ਜਾਰੀ ਕੀਤੇ ਹਨ।
ਵਧੀਕ ਮੁੱਖ ਮੈਟਰੋਪੋਲਿਟਨ ਜੱਜ ਸਮਰ ਵਿਸ਼ਾਲ ਵੱਲੋਂ ਦਿੱਲੀ ਪੁਲੀਸ ਵੱਲੋਂ 13 ਅਗਸਤ ਨੂੰ ਅਦਾਲਤ ਵਿੱਚ ਪੇਸ਼ ਚਾਰਜਸ਼ੀਟ ਨੂੰ ਦੇਖਣ ਮਗਰੋਂ ਆਗੂਆਂ ਤੇ ਹੋਰ ਵਿਧਾਇਕਾਂ ਨੂੰ ਸੰਮਨ ਜਾਰੀ ਕੀਤੇ ਹਨ। ਅੰਸ਼ੂ ਪ੍ਰਕਾਸ਼ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੂੰ 19 ਫਰਵਰੀ 2018 ਦੀ ਰਾਤ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਕਥਿਤ ਕੁਟਾਪਾ ਚਾੜ੍ਹਿਆ ਗਿਆ ਸੀ। ਅਦਾਲਤ ਨੇ ਚਾਰਜਸ਼ੀਟ ਦੇਖਣ ਮਗਰੋਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਲਾਏ ਦੋਸ਼ਾਂ ਨੂੰ ਸਾਬਤ ਕਰਨ ਲਈ ਲੋੜੀਂਦੇ ਤੱਥ ਮਾਮਲੇ ਰਿਪੋਰਟ ਵਿੱਚ ਸ਼ਾਮਲ ਹਨ। ਚਾਰਜਸ਼ੀਟ ਵਿੱਚ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਅਮਾਨਤਉੱਲ੍ਹਾ ਖ਼ਾਂ, ਪ੍ਰਕਾਸ਼ ਜਰਵਾਲ, ਨਿਤਿਨ ਤਿਆਗੀ, ਰਿਤੂਰਾਜ ਗੋਬਿੰਦ, ਸੰਜੀਵ ਝਾਅ, ਅਜੈ ਦੱਤ, ਰਾਜੇਸ਼ ਰਿਸ਼ੀ, ਰਾਜੇਸ਼ ਗੁਪਤਾ, ਮਦਨ ਲਾਲ, ਪ੍ਰਵੀਨ ਕੁਮਾਰ ਤੇ ਦਿਨੇਸ਼ ਮੋਹਨੀਆ ਸ਼ਾਮਲ ਹਨ। ਵਿਧਾਇਕਾਂ ਤੇ ਮੰਤਰੀਆਂ ਵੱਲੋਂ ਇਨ੍ਹਾਂ ਦੋਸ਼ਾਂ ਦਾ ਸਿਰੇ ਤੋਂ ਖੰਡਨ ਕੀਤਾ ਗਿਆ ਸੀ ਤੇ ਦਿੱਲੀ ਸਰਕਾਰ ਖ਼ਿਲਾਫ਼ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਕਥਿਤ ਵੱਡੀ ਸਾਜ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਸੀ।
INDIA ਕੇਜਰੀਵਾਲ, ਸਿਸੋਦੀਆ ਤੇ ਹੋਰਾਂ ਨੂੰ ਸੰਮਨ