ਆਜ਼ਾਦ ਭਾਰਤ ਦੀ ਪਹਿਲੀ ਮਹਿਲਾ ਆਈਏਐਸ ਅੰਨਾ ਮਲਹੋਤਰਾ ਦਾ ਦੇਹਾਂਤ

ਆਜ਼ਾਦ ਭਾਰਤ ਦੀ ਪਹਿਲੀ ਮਹਿਲਾ ਆਈਏਐਸ ਅਫ਼ਸਰ ਅੰਨਾ ਰਾਜਮ ਮਲਹੋਤਰਾ ਦਾ ਬੀਤੇ ਦਿਨ ਇਥੇ ਅੰਧੇਰੀ ਸਥਿਤ ਆਪਣੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਮੁਤਾਬਕ 91 ਸਾਲਾ ਮਲਹੋਤਰਾ ਦੀਆਂ ਅੰਤਿਮ ਰਸਮਾਂ ਮੁੰਬਈ ਵਿੱਚ ਹੀ ਪੂਰੀਆਂ ਕੀਤੀਆਂ ਗਈਆਂ। ਅੰਨਾ ਰਾਜਮ ਜੌਰਜ ਦਾ ਜਨਮ ਕੇਰਲਾ ਦੇ ਇਰਨਾਕੁਲਮ ਜ਼ਿਲ੍ਹੇ ਵਿੱਚ ਜੁਲਾਈ 1927 ਵਿੱਚ ਹੋਇਆ ਸੀ। ਕੋੜੀਕੋਡ ਵਿੱਚ ਸਕੂਲ ਦੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਉਹ ਉਚੇਰੀ ਸਿੱਖਿਆ ਲਈ ਚੇਨੱਈ ਚਲੀ ਗਈ, ਜਿੱਥੇ ਉਨ੍ਹਾਂ ਮਦਰਾਸ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ। ਮਲਹੋਤਰਾ ਨੇ 1951 ਵਿੱਚ ਸਿਵਲ ਸੇਵਾਵਾਂ ਜੁਆਇਨ ਕੀਤੀ ਤੇ ਕੇਡਰ ਵਜੋਂ ਮਦਰਾਸ ਦੀ ਚੋਣ ਕੀਤੀ। ਉਨ੍ਹਾਂ ਮੁੱਖ ਮੰਤਰੀ ਸੀ.ਰਾਜਗੋਪਾਲਾਚਾਰੀ ਦੀ ਸਰਕਾਰ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਆਰ.ਐਨ.ਮਲਹੋਤਰਾ ਨਾਲ ਵਿਆਹ ਕੀਤਾ, ਜੋ ਮਗਰੋਂ 1985 ਤੋਂ 1990 ਦੇ ਅਰਸੇ ਦੌਰਾਨ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹੇ। ਮਲਹੋਤਰਾ ਨੂੰ ਮੁਲਕ ਦੇ ਆਧੁਨਿਕ ਪੋਰਟ ਜਵਾਹਰਲਾਲ ਨਹਿਰੂ ਪੋਰਟ ਟਰੱਸਟ (ਜੇਐਨਪੀਟੀ) ਦੀ ਸਥਾਪਤੀ ਵਿੱਚ ਪਾਏ ਯੋਗਦਾਨ ਲਈ ਯਾਦ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ’ਤੇ ਭੇਜੇ ਜਾਣ ਮੌਕੇ ਉਨ੍ਹਾਂ ਟਰੱਸਟ ਦੇ ਕੰਮਕਾਜ ਨੂੰ ਵੀ ਬਾਖੂਬੀ ਵੇਖਿਆ। 1989 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਨ ਐਵਾਰਡ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਤਾਮਿਲ ਨਾਡੂ ਦੇ ਸੱਤ ਮੁੱਖ ਮੰਤਰੀਆਂ ਹੇਠ ਕੰਮ ਕਰਨ ਦਾ ਤਜਰਬਾ ਸੀ। 1982 ਵਿੱਚ ਦਿੱਲੀ ਏਸ਼ਿਆਈ ਖੇਡਾਂ ਦੌਰਾਨ ਉਨ੍ਹਾਂ ਨੂੰ ਰਾਜੀਵ ਗਾਂਧੀ ਨਾਲ ਨੇੜੇ ਹੋ ਕੇ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਡੈਪੂਟੇਸ਼ਨ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਮਲਾ ਸੈਕਸ਼ਨ ਵਿੱਚ ਵੀ ਸੇਵਾਵਾਂ ਦਿੱੱਤੀਆਂ। ਸੇਵਾ ਮੁਕਤੀ ਮਗਰੋਂ ਉਨ੍ਹਾਂ ਹੋਟਲ ਲੀਲਾ ਵੈਂਚਰਜ਼ ਲਿਮਟਿਡ ਦੇ ਡਾਇਰੈਕਟਰ ਵਜੋਂ ਕੰਮ ਕੀਤਾ।

Previous articleਕੇਜਰੀਵਾਲ, ਸਿਸੋਦੀਆ ਤੇ ਹੋਰਾਂ ਨੂੰ ਸੰਮਨ
Next articleਹੇਠਲੀਆਂ ਅਦਾਲਤਾਂ ਵਿੱਚ ਦਹਾਕਿਆਂ ਤੋਂ ਲਟਕ ਰਹੇ ਨੇ 22 ਲੱਖ ਕੇਸ