ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ’ਚ ‘ਬਹੁਤ ਗੰਭੀਰ’ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਭਾਰਤ ਤੇ ਬ੍ਰਿਟੇਨ ਦਰਮਿਆਨ ਉਡਾਣਾਂ ਉੱਤੇ ਪਾਬੰਦੀ 31 ਜਨਵਰੀ ਤੱਕ ਵਧਾਉਣ, ਇਹ ਅਪੀਲ ਕੇਜਰੀਵਾਲ ਨੇ ਟਵਿੱਟਰ ’ਤੇ ਕੀਤੀ। ਕੇਜਰੀਵਾਲ ਨੇ ਟਵਿੱਟਰ ’ਤੇ ਕਿਹਾ, ‘‘ਕੇਂਦਰ ਨੇ ਬੈਨ ਹਟਾਉਣ ਤੇ ਯੂਕੇ ਦੀਆਂ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਯੂਕੇ ਦੀ ਬੇਹੱਦ ਗੰਭੀਰ ਸਥਿਤੀ ਦੇ ਮੱਦੇਨਜ਼ਰ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਾਂਗਾ ਕਿ ਉਹ ਇਸ ਪਾਬੰਦੀ ਨੂੰ 31 ਜਨਵਰੀ ਤੱਕ ਵਧਾਏ।’’
ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੀ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਦੇ ਅਨੁਸਾਰ 8 ਜਨਵਰੀ ਤੋਂ 30 ਜਨਵਰੀ ਦੇ ਦਰਮਿਆਨ ਯੂਕੇ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਆਉਣ ’ਤੇ ਕੋਵਿਡ-19 ਟੈਸਟ ਕਰਵਾਏ ਜਾਣਗੇ। ਯੂਕੇ ਤੋਂ ਆਉਣ ਵਾਲੇ ਹਰੇਕ ਯਾਤਰੀ ਨੂੰ ਆਪਣੀ ਯਾਤਰਾ ਤੋਂ 72 ਘੰਟੇ ਪਹਿਲਾਂ ਕੀਤੇ ਟੈਸਟ ਤੋਂ ਆਪਣੀ ਕੋਵਿਡ-19 ਨੈਗੇਟਿਵ ਰਿਪੋਰਟ ਲਿਆਉਣੀ ਹੋਵੇਗੀ। ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਭਾਰਤ ਤੋਂ ਬ੍ਰਿਟੇਨ ਦੀਆਂ ਉਡਾਣਾਂ 6 ਜਨਵਰੀ ਤੋਂ ਮੁੜ ਸ਼ੁਰੂ ਹੋਣਗੀਆਂ ਜਦੋਂਕਿ ਉਸ ਦੇਸ਼ ਤੋਂ ਇਥੇ ਆਉਣ ਵਾਲੀਆਂ ਸੇਵਾਵਾਂ 8 ਜਨਵਰੀ ਤੋਂ ਬਾਅਦ ਮੁੜ ਸ਼ੁਰੂ ਹੋਣਗੀਆਂ। ਪੁਰੀ ਨੇ ਟਵੀਟ ਕੀਤਾ ਸੀ, ‘‘ਹਰ ਹਫ਼ਤੇ 30 ਉਡਾਣਾਂ ਚੱਲਣਗੀਆਂ। 15 ਭਾਰਤੀ ਤੇ 15 ਬਰਤਾਨੀਆ ਦੀਆਂ ਕੰਪਨੀਆਂ ਵੱਲੋਂ’’
ਭਾਰਤ ਨੇ 23 ਦਸੰਬਰ ਤੋਂ 7 ਜਨਵਰੀ ਤੱਕ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੀਆਂ ਸਾਰੀਆਂ ਯਾਤਰੀਆਂ ਦੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ ਕਿਉਂਕਿ ਬਰਤਾਨੀਆ ਵਿਚ ਵਾਇਰਸ ਦਾ ਨਵਾਂ ਤੇ ਵਧੇਰੇ ਛੂਤ ਵਾਲਾ ਰੂਪ ਸਾਹਮਣੇ ਆਇਆ ਸੀ।