ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੂੰ ਹੰਗਾਮੀ ਹਾਲਤ ਵਿੱਚ 29 ਜੂਨ ਨੂੰ ਦਿੱਲੀ ਮੀਟਿੰਗ ਲਈ ਸੱਦ ਲਿਆ ਹੈ। ਮੀਟਿੰਗ ਵਿੱਚ ਪਾਰਟੀ ਦੀ ਪੰਜਾਬ ਇਕਾਈ ਦੀ ਕਾਰਗੁਜ਼ਾਰੀ ਅਤੇ ਲੋਕ ਸਭਾ ਚੋਣਾਂ ਵਿਚ ‘ਆਪ’ ਦੀ ਸ਼ਰਮਨਾਕ ਹਾਰ ਉਪਰ ਡੂੰਘੀ ਵਿਚਾਰ-ਚਰਚਾ ਹੋ ਸਕਦੀ ਹੈ। ਇਸ ਦੌਰਾਨ ਪੰਜਾਬ ਇਕਾਈ ਨੂੰ ਨਵਾਂ ਰੂਪ ਦੇਣ ਉਪਰ ਵੀ ਚਰਚਾ ਹੋਣ ਦੀ ਸੰਭਾਵਨਾ ਹੇ।
ਸੂਤਰਾਂ ਅਨੁਸਾਰ ਪੰਜਾਬ ਇਕਾਈ ਦੇ ਇੰਚਾਰਜ ਭਾਵੇਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹਨ, ਪਰ ਪਤਾ ਲੱਗਾ ਹੈ ਕਿ ਸ੍ਰੀ ਕੇਜਰੀਵਾਲ ਖ਼ੁਦ ਸੂਬਾ ਇਕਾਈ ਨੂੰ ਨਵੇਂ ਸਿਰਿਓਂ ਵਿਉਂਤਣ ਦੇ ਰੌਂਅ ਵਿਚ ਹਨ। ਪਹਿਲਾਂ ਦੁਰਗੇਸ਼ ਪਾਠਕ ਪਰਦੇ ਪਿੱਛਿਓਂ ਪੰਜਾਬ ਇਕਾਈ ਉਪਰ ਨਿਗਰਾਨੀ ਰੱਖਦੇ ਸਨ, ਪਰ ਹੁਣ ਉਨ੍ਹਾਂ ਨੂੰ ਦਿੱਲੀ ਵਿਧਾਨ ਸਭਾ ਦੀ ਚੋਣ ਲੜਾਉਣ ਕਾਰਨ, ਉਨ੍ਹਾਂ ਵੀ ਪੰਜਾਬ ਵੱਲੋਂ ਧਿਆਨ ਹਟਾ ਲਿਆ ਹੈ। ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ ਮਗਰੋਂ ਹੋਈਆਂ ਤਿੰਨ ਮੀਟਿੰਗਾਂ ਵਿਚੋਂ ਮੁੱਖ ਲੀਡਰਸ਼ਿਪ ਦੇ ਗ਼ੈਰਹਾਜ਼ਰ ਰਹਿਣ ਕਾਰਨ ਸ੍ਰੀ ਕੇਜਰੀਵਾਲ ਨੇ ਇਹ ਕਦਮ ਚੁੱਕਿਆ ਹੈ। ਪੰਜਾਬ ਇਕਾਈ ਬਾਰੇ ਅਜਿਹੀਆਂ ਰਿਪੋਰਟਾਂ ਮਿਲਣ ਮਗਰੋਂ ਹੀ ‘ਆਪ’ ਕਨਵੀਨਰ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਦਿੱਲੀ ਸੱਦਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ ਕੁਝ ਆਗੂਆਂ ਨੇ ਸੂਬਾ ਇਕਾਈ ਵਿਚਲੀਆਂ ਖਾਮੀਆਂ ਕੇਜਰੀਵਾਲ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਨੂੰ ਖ਼ੁਦ ਇਸ ਵੱਲ ਧਿਆਨ ਦੇਣ ਲਈ ਕਿਹਾ ਸੀ। ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਗਰੂਰ ਸੰਸਦੀ ਸੀਟ ਤੋਂ ਮੁੜ ਜਿੱਤੇ ਭਗਵੰਤ ਮਾਨ ਰੁਝੇਵਿਆਂ ਕਾਰਨ ਲੋਕ ਸਭਾ ਚੋਣ ਤੋਂ ਬਾਅਦ ਪਾਰਟੀ ਦੀ ਕਿਸੇ ਮੀਟਿੰਗ ਸਮੇਤ ਕੇਜਰੀਵਾਲ ਵੱਲੋਂ ਸੱਦੀ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ। ਸੂਤਰਾਂ ਅਨੁਸਾਰ ਸ੍ਰੀ ਕੇਜਰੀਵਾਲ ਨੇ 29 ਜੂਨ ਨੂੰ ਆਪਣੀ ਸਰਕਾਰੀ ਰਿਹਾਇਸ਼ ’ਤੇ ਸੱਦੀ ਮੀਟਿੰਗ ਵਿਚ ਭਗਵੰਤ ਮਾਨ ਸਮੇਤ ਸਾਰੇ ਵਿਧਾਇਕਾਂ, ਸਮੂਹ ਜ਼ਿਲ੍ਹਾ ਪ੍ਰਧਾਨਾਂ, ਹਲਕਾ ਪ੍ਰਧਾਨਾਂ, ਪਾਰਟੀ ਦੇ ਸਾਰੇ ਵਿੰਗਾਂ ਦੇ ਮੁਖੀਆਂ, ਜ਼ੋਨਲ ਪ੍ਰਧਾਨਾਂ ਅਤੇ ਪੰਜਾਬ ਦੀ ਕੋਰ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਸੱਦਿਆ ਹੈ। ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਮਨੀਸ਼ ਸਿਸੋਦੀਆ ਵੀ ਮੀਟਿੰਗ ਵਿਚ ਸ਼ਾਮਲ ਹੋਣਗੇ। ਸ੍ਰੀ ਕੇਜਰੀਵਾਲ ਵੱਲੋਂ ਪਹਿਲਾਂ ਸੱਦੀ ਮੀਟਿੰਗ ਵਿੱਚ ਭਗਵੰਤ ਮਾਨ ਅਤੇ ਵਿਧਾਇਕਾਂ ਨੂੰ ਹੀ ਹਾਰ ਉਪਰ ਮੰਥਨ ਕਰਨ ਲਈ ਸੱਦਿਆ ਗਿਆ ਸੀ। ਇਸ ਮੀਟਿੰਗ ਵਿੱਚ ਸ੍ਰੀ ਮਾਨ ਦੇ ਨਾ ਪੁੱਜਣ ਅਤੇ ਹਾਰੇ 12 ਉਮੀਦਵਾਰਾਂ ਦੇ ਸ਼ਾਮਲ ਨਾ ਹੋਣ ਕਾਰਨ, ਹਾਰ ਦੇ ਕਾਰਨਾਂ ਉਪਰ ਮਹਿਜ਼ ਰਸਮੀ ਚਰਚਾ ਹੀ ਹੋਈ ਸੀ। ਇਸੇ ਤਰ੍ਹਾਂ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਮਾਨ ਸਮੇਤ ਕੋਈ ਵੀ ਜ਼ੋਨਲ ਪ੍ਰਧਾਨ ਸ਼ਾਮਲ ਨਹੀਂ ਹੋਇਆ ਸੀ।
INDIA ਕੇਜਰੀਵਾਲ ਨੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ 29 ਨੂੰ ਦਿੱਲੀ ਸੱਦੀ