ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਕਰੋੜਾਂ ਨੌਕਰੀਆਂ ਚਲੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਮੋਦੀ ਸਰਕਾਰ ਨੂੰ ਆਪਣੀ ਆਵਾਜ਼ ਸੁਣਾਉਣ ਲਈ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਅੱਜ ਸਵੇਰੇ 10 ਵਜੇ ਤੋਂ ਦਸ ਘੰਟਿਆਂ ਲਈ ਚਲਾਈ ਗਈ ਕਾਂਗਰਸ ਦੀ ‘ਸਪੀਕ ਅਪ ਫਾਰ ਜੌਬਜ਼’ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਟਵਿੱਟਰ ’ਤੇ ਟਵੀਟ ਕਰਦਿਆਂ ਦੋਸ਼ ਲਾਇਆ,‘ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਕਰੋੜਾਂ ਨੌਕਰੀਆਂ ਚਲੀਆਂ ਗਈਆਂ ਹਨ ਤੇ ਜੀਡੀਪੀ ਵਿੱਚ ਇਤਿਹਾਸਕ ਗਿਰਾਵਟ ਆਈ ਹੈ।’
ਸ੍ਰੀ ਗਾਂਧੀ ਨੇ ਕਿਹਾ,‘ਇਨ੍ਹਾਂ ਨੀਤੀਆਂ ਨੇ ਭਾਰਤ ਦੇ ਨੌਜਵਾਨਾਂ ਦਾ ਭਵਿੱਖ ਕੁਚਲ ਕੇ ਰੱਖ ਦਿੱਤਾ ਹੈ। ਆਓ, ਅਸੀਂ ਸਰਕਾਰ ਨੂੰ ਤੁਹਾਡੀ ਆਵਾਜ਼ ਸੁਣਨ ਲਈ ਮਜਬੂਰ ਕਰੀਏ।’ ਇਸ ਦੌਰਾਨ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਛੇ ਸਾਲਾਂ ਵਿੱਚ 12 ਕਰੋੜ ਨੌਕਰੀਆਂ ਦੇਣ ਦੀ ਬਜਾਇ 14 ਕਰੋੜ ਨੌਕਰੀਆਂ ਖੋਹ ਲਈਆਂ ਗਈਆਂ ਹਨ। ਹੁਣ ਨੌਜਵਾਨ ਜਾਗ ਗਏ ਹਨ ਅਤੇ ਜੁਆਬ ਚਾਹੁੰਦੇ ਹਨ। ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਕਿਹਾ,‘ਇਕ ਤੋਂ ਬਾਅਦ ਦੂਜੀ ਤਬਾਹਕੁੰਨ ਨੀਤੀ, ਭਾਜਪਾ ਨੇ ਕਰੋੜਾਂ ਭਾਰਤੀਆਂ ਦੀਆਂ ਨੌਕਰੀਆਂ ਖੋਹ ਲਈਆਂ ਹਨ ਤੇ ਸਾਡੇ ਨੌਜਵਾਨਾਂ ਨੂੰ ਕਾਲੇ ਭਵਿੱਖ ਵੱਲ ਧੱਕ ਦਿੱਤਾ ਹੈ।’