ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦੇਸ਼ ਦੀ ਗੰਦੀ ਮੋਦੀ ਸਰਕਾਰ ਵੱਲੋਂ ਸਾਮਰਾਜੀ ਤਾਕਤਾਂ ਦੇ ਇਸ਼ਾਰੇ ਉਤੇ ਤਿੰਨ ਖੇਤੀਬਾਡ਼ੀ ਕਾਲੇ ਕਾਨੂੰਨ ਪਾਸ ਕਰਕੇ ਕਿਸਾਨ ਮਜ਼ਦੂਰਾਂ ਦੇ ਨਾਲ ਨਾਲ ਦੇਸ਼ ਦੇ ਹਰ ਵਰਗ ਦੇ ਲੋਕਾਂ ਨਾਲ ਜੋ ਧੱਕਾ ਕੀਤਾ ਹੈ। ਉਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਗਦੀਪ ਸਿੰਘ ਵੰਝ ਨੇ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਚੱਲ ਰਹੇ ਕਿਸਾਨੀ ਸੰਘਰਸ਼ ਚ ਸ਼ਾਮਲ ਹੋਣ ਵਾਲੇ ਪ੍ਰਦਰਸ਼ਨਕਾਰੀਆਂ ਦੇ ਲਈ ਲਗਾਏ ਜਾਣ ਵਾਲੇ ਗੁਰੂ ਕੇ ਲੰਗਰਾਂ ਲਈ ਸ਼ੈੱਡ ਪਾਉਣ ਮੌਕੇ ਆਖੇ।
ਉਨ੍ਹਾਂ ਕਿਹਾ ਕਿ ਕਿਸਾਨ ਹੁਣ ਤਿੰਨ ਕਾਲੇ ਖੇਤੀਬਾਡ਼ੀ ਨੂੰ ਰੱਦ ਕਰਵਾ ਕੇ ਹੀ ਆਪਣੇ ਘਰਾਂ ਨੂੰ ਵਾਪਸ ਪਰਤਣਗੇ। ਉਨ੍ਹਾਂ ਕਿਹਾ ਕਿ ਚਾਰ ਮਹੀਨੇ ਤੋਂ ਵੱਧ ਸਮੇਂ ਤੋਂ ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਵਿਖੇ ਨਿਰੰਤਰ ਮੋਰਚਾ ਖੋਲ੍ਹ ਕੇ ਬੈਠੇ ਹਨ । ਜਿਨ੍ਹਾਂ ਦੀਆਂ ਮੁੱਖ ਮੰਗਾਂ ਮੰਨਣ ਦੀ ਥਾਂ ਕੇਂਦਰ ਸਰਕਾਰ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਮਨੋਬਲ ਤੋੜਨ ਤੇ ਸੰਘਰਸ਼ ਨੂੰ ਫੇਲ੍ਹ ਕਰਨ ਦੀਆਂ ਜੋ ਚਾਲਾਂ ਚੱਲ ਰਹੀ ਹੈ ਨੂੰ ਕਿਸਾਨ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋਣ ਦੇਣਗੇ।
ਕਿਸਾਨ ਹਰ ਹਾਲਤ ਆਪਣੇ ਹੱਕ ਲੈ ਕੇ ਹੀ ਰਹਿਣਗੇ।
ਉਨ੍ਹਾਂ ਕਿਹਾ ਕਿ ਕਪੂਰਥਲਾ ਹਲਕੇ ਦੇ ਪਰਵਾਸੀ ਭਾਰਤੀਆਂ ਤੇ ਇਲਾਕਾ ਨਿਵਾਸੀਆਂ ਦੇ ਆਰਥਿਕ ਸਹਿਯੋਗ ਨਾਲ ਉਹ ਆਪਣੇ ਸਾਥੀ ਮਲਕੀਤ ਸਿੰਘ ,ਸ਼ਾਮਾ ਭੁਲਾਣਾ ,ਗੋਲਡੀ ਭੁਲਾਣਾ, ਹਰਪ੍ਰੀਤ ਸਿੰਘ , ਹਰਵਿੰਦਰ ਸਿੰਘ ਭਗਵਾਨਪੁਰ, ਲਾਲ ਸਿੰਘ ਆਦਿ ਦੀ ਅਣਥੱਕ ਸੇਵਾ ਨਾਲ ਪ੍ਰਦਰਸ਼ਨਕਾਰੀ ਸੰਗਤਾਂ ਦੇ ਛੱਕਣ ਲਈ ਨਿਰੰਤਰ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਹੇ ਹਨ। ਜਿਸ ਨੂੰ ਹਰ ਕੀਮਤ ਉੱਤੇ ਸਹਿਯੋਗੀਆਂ ਦੇ ਸਹਿਯੋਗ ਨਾਲ ਇੰਜ ਹੀ ਨਿਰੰਤਰ ਜਾਰੀ ਰੱਖਿਆ ਜਾਵੇਗਾ।