ਨਵੀਂ ਦਿੱਲੀ (ਸਮਾਜਵੀਕਲੀ) – ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਕੇਂਦਰੀ ਸ਼ਾਸਨ ’ਚੋਂ ਲੋਕਤੰਤਰਿਕ ਜ਼ਿੰਮੇਵਾਰੀ ਵੱਡੇ ਪੱਧਰ ’ਤੇ ਗਾਇਬ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਕਰੋਨਾਵਾਇਰਸ ਤੋਂ ਉਪਜੀ ਸਥਿਤੀ ਨਾਲ ਕਈ ਨੁਕਤਿਆਂ ਤੋਂ ਸਹੀ ਢੰਗ ਨਾਲ ਨਹੀਂ ਨਜਿੱਠ ਸਕੀ ਤੇ ‘ਅਸਮਰੱਥ’ ਸਾਬਿਤ ਹੋਈ ਹੈ।
ਯੇਚੁਰੀ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਹੁਣ ਅਸੀਂ 40 ਦਿਨਾ ਤਾਲਾਬੰਦੀ ਦੇ ਆਖ਼ਰੀ ਹਫ਼ਤੇ ਵਿਚ ਦਾਖ਼ਲ ਹੋ ਰਹੇ ਹਾਂ ਜੋ ਕਿ ਅਚਾਨਕ ਐਲਾਨੀ ਗਈ ਸੀ ਤੇ ਸਿਰਫ਼ ਚਾਰ ਘੰਟੇ ਦਾ ਨੋਟਿਸ ਦਿੱਤਾ ਗਿਆ। ਲੋਕਾਂ ਤੇ ਸੂਬਾ ਸਰਕਾਰਾਂ ਨੂੰ ਤਿਆਰੀ ਦਾ ਮੌਕਾ ਹੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਘਰ ਜਾਣ ਦੀ ਤਾਂਘ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਭੀੜ ਜੁੜੀ।
ਇਸ ਨਾਲ ਲੌਕਡਾਊਨ ਦੇ ਮੰਤਵਾਂ ਦਾ ਉਲੰਘਣ ਹੋਇਆ ਕਿਉਂਕਿ ਇਕ-ਦੂਜੇ ਤੋਂ ਫ਼ਾਸਲਾ ਰੱਖਣਾ ਜ਼ਰੂਰੀ ਸੀ। ਯੇਚੁਰੀ ਨੇ ਕਿਹਾ ਕਿ ਮੋਦੀ ਮੀਡੀਆ ਤੋਂ ਵੀ ਬਚਦੇ ਰਹੇ ਤੇ ਭਾਰਤੀ ਲੋਕਾਂ ਦੇ ਅਸਲ ਫ਼ਿਕਰਾਂ ਦਾ ਜਵਾਬ ਹੀ ਨਹੀਂ ਦਿੱਤਾ। ਜਦਕਿ ਬਾਕੀ ਪੂਰੀ ਦੁਨੀਆ ਦੇ ਆਗੂ ਅੱਗੇ ਆ ਕੇ ਜਵਾਬ ਦਿੰਦੇ ਰਹੇ।
ਯੇਚੁਰੀ ਨੇ ਖੁੱਸ ਰਹੇ ਰੁਜ਼ਗਾਰ, ਪੀਐਮ ਕੇਅਰਜ਼ ਫੰਡ ਅਤੇ ਸੂਬਿਆਂ ਨਾਲ ਕਥਿਤ ਇਕਸਾਰ ਵਿਹਾਰ ਨਾ ਕਰਨ ਦੇ ਮੁੱਦੇ ਉਤੇ ਵੀ ਸਰਕਾਰ ਨੂੰ ਘੇਰਿਆ। ਸੀਪੀਐਮ ਆਗੂੁ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਐਨਾ ਸਮਾਂ ਮਿਲਿਆ, ਪਰ ਫਿਰ ਵੀ ਪੀਪੀਈ ਕਿੱਟਾਂ ਦੀ ਘਾਟ ਰੜਕ ਰਹੀ ਹੈ। ਉਨ੍ਹਾਂ ਨਾਲ ਹੀ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ ਵਿਚ ਸਿਆਸੀ ਲਾਭ ਖ਼ਾਤਰ ਭਾਜਪਾ ਨੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾਇਆ ਅਤੇ ਤਬਲੀਗੀ ਜਮਾਤ ਦੇ ਪ੍ਰਬੰਧਕਾਂ ਦੇ ਗ਼ੈਰ-ਜ਼ਿੰਮੇਵਰਾਨਾ ਰਵੱਈਏ ਲਈ ਪੂਰੇ ਮੁਸਲਿਮ ਭਾਈਚਾਰੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।