ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਗੱਡੀ ਨੂੰ ਦਿਖਾਈ ਹਰੀ ਝੰਡੀ

ਗੁਰੂ ਨਾਨਕ ਨੂੰ ਸਮਰਪਿਤ ਸਰਬੱਤ ਦਾ ਭਲਾ ਐਕਸਪ੍ਰੈੱਸ ਸੇਵਾ ਸ਼ੁਰੂ

* ਸਰਬੱਤ ਦਾ ਭਲਾ ਐਕਸਪ੍ਰੈੱਸ ਗੁਰੂ ਨਾਨਕ ਨੂੰ ਸ਼ਰਧਾਂਜਲੀ: ਪਿਊਸ਼
* ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਸ਼ ਵਰਧਨ ਵੀ ਹਾਜ਼ਰ ਰਹੇ
* ਸੁਲਤਾਨਪੁਰ ਲੋਧੀ ਹੋ ਕੇ ਲੋਹੀਆਂ ਖਾਸ ਤੱਕ ਜਾਵੇਗੀ ‘ਸਰਬੱਤ ਦਾ ਭਲਾ’ ਐਕਸਪ੍ਰੈੱਸ

ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਅੱਜ ਇੱਥੇ ‘ਸਰਬੱਤ ਦਾ ਭਲਾ’ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ ਅਤੇ ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਰੇਲ ਸੇਵਾ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਇਹ ਰੇਲ ਗੱਡੀ ਨਵੀਂ ਦਿੱਲੀ ਤੋਂ ਵਿਸ਼ੇਸ਼ ਤੌਰ ਉੱਤੇ ਸੁਲਤਾਨਪੁਰ ਲੋਧੀ ਲਈ ਚਲਾਈ ਗਈ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾ਼ਸ਼ ਪੁਰਬ ਨੂੰ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਵੀ ਮੌਜੂਦ ਸਨ।
ਇਸ ਮੌਕੇ ਸ੍ਰੀ ਗੋਇਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਸ਼ਾਂਤੀ ਦੇ ਦੂਤ ਸਨ। ਉਨ੍ਹਾਂ ਦੇ 12 ਨਵੰਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਸਮਾਗਮ ਅਤਿ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਹੋਣਗੇ। ਸਰਬੱਤ ਦਾ ਭਲਾ ਰੇਲ ਗੱਡੀ ਨੂੰ ਸ਼ੁੱਕਰਵਾਰ ਨੂੰ ਸਵੇਰੇ 6.30 ਵਜੇ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਅਤੇ ਇਹ ਬਾਅਦ ਦੁਪਹਿਰ ਸੁਲਤਾਨਪੁਰ ਲੋਧੀ ਪੁੱਜੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕੱਲ੍ਹ ਵੀ ਵਿਭਾਗ ਨੇ ਵੰਦੇ ਭਾਰਤ ਗੱਡੀ ਸ਼ੁਰੂ ਕੀਤੀ ਹੈ ਅਤੇ ਇਹ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤੀ ਗਈ ਹੈ ਅਤੇ ਅੱਜ ਦੀ ਰੇਲ ਗੱਡੀ ਸੁਲਤਾਨਪੁਰ ਲੋਧੀ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਹਰਸਿਮਰਤ ਕੌਰ ਬਾਦਲ ਨੇ ਨਵੀਂ ਦਿੱਲੀ ਅਤੇ ਸੁਲਤਾਨਪੁਰ ਲੋਧੀ ਵਿਚਕਾਰ ਸ਼ਰਧਾਲੂਆਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਰੇਲ ਸੇਵਾ ਸ਼ੁਰੂ ਕਰਨ ਲਈ ਆਖਿਆ ਸੀ। ਉਨ੍ਹਾਂ ਨੇ ਰੇਲ ਮੰਤਰਾਲੇ ਨੂੰ ਇਸ ਦਾ ਨਾਂਅ ‘ਸਰਬੱਤ ਦਾ ਭਲਾ ਐਕਸਪ੍ਰੈੱਸ’ ਰੱਖਣ ਦੀ ਵੀ ਅਪੀਲ ਕੀਤੀ ਸੀ। ‘ਸਰਬੱਤ ਦਾ ਭਲਾ’ ਐਕਸਪ੍ਰੈੱਸ ਰੇਲ ਗੱਡੀ ਸ਼ੁਰੂ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਪਿਊਸ਼ ਗੋਇਲ ਦਾ ਧੰਨਵਾਦ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਇਤਿਹਾਸਕ ਦਿਨ ਹੈ। ਇਹ ਰੇਲ ਗੱਡੀ ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਸ਼ਰਧਾਲੂਆਂ ਨੂੰ ਸੁਲਤਾਨਪੁਰ ਲੋਧੀ ਨਾਲ ਜੋੜੇਗੀ। ਇਸ ਦੌਰਾਨ ਕੇਂਦਰੀ ਮੰਤਰੀ ਸ੍ਰੀ ਹਰਸ਼ਵਰਧਨ ਨੇ ਕਿਹਾ ਕਿ ਇਹ ਸਰਕਾਰ ਵੱਲੋਂ ਦਿੱਲੀ ਵਾਸੀਆਂ ਦੇ ਲਈ ਇੱਕ ਤੋਹਫ਼ਾ ਹੈ। ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰੇਲ ਮੰਤਰਾਲੇ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਪ੍ਰਬੰਧਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਉੱਤੇ 22 ਕਰੋੜ ਰੁਪਏ ਖਰਚਣ ਅਤੇ ਇੱਕ ਮਿਊਜ਼ੀਅਮ ਦੀ ਉਸਾਰੀ ਤੋਂ ਇਲਾਵਾ ਹਜ਼ੂਰ ਸਾਹਿਬ, ਨਾਂਦੇੜ ਤੋਂ ਫਿਰੋਜ਼ਪੁਰ ਵਿਚਕਾਰ 14 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਯਾਤਰੀਆਂ ਦੀ ਸਹੂਲਤ ਲਈ ਉੱਤਰੀ ਰੇਲਵੇ ਵੱਲੋਂ 12 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਉਨ੍ਹਾਂ ਰੇਲ ਮੰਤਰੀ ਨੂੰ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਵਿਚਕਾਰ ਇੱਕ ਸਿੱਧੀ ਰੇਲ ਗੱਡੀ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ ਤਾਂ ਕਿ ਇੱਥੋਂ ਦੇ ਸ਼ਰਧਾਲੂ ਪਵਿੱਤਰ ਨਗਰੀ ਵਿਚ ਮੱਥਾ ਟੇਕਣ ਮਗਰੋਂ ਉਸੇ ਦਿਨ ਘਰਾਂ ਨੂੰ ਵਾਪਸ ਪਰਤ ਸਕਣ।ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਹਾਜ਼ਰ ਸਨ। ਇਸੇ ਦੌਰਾਨ ‘ਸਰਬੱਤ ਦਾ ਭਲਾ ਐਕਸਪ੍ਰੈੱਸ’ ਦਾ ਸਾਰੇ ਹੀ ਸਟੇਸ਼ਨਾਂ ਉੱਤੇ ਸਿੱਖ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

Previous articleFacebook encryption to make child porn rampant: FBI head
Next articleਆਰਬੀਆਈ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ