ਕੇਂਦਰੀ ਮੰਤਰੀ ਦਾ ਕਿਸਾਨਾਂ ਨੂੰ ‘ਦੋ ਮਿੰਟਾਂ’ ਵਿੱਚ ਖਾਮੋਸ਼’ ਕਰਨ ਦੀ ਧਮਕੀ ਦੇਣ ਵਾਲਾ ਵੀਡੀਓ ਨਸ਼ਰ

ਲਖਨਊ (ਸਮਾਜ ਵੀਕਲੀ): ਲਖੀਮਪੁਰ ਖੀਰੀ ’ਚ ਹੋਏ ਹਿੰਸਕ ਕਾਂਡ ਕਾਰਨ ਵਿਵਾਦਾਂ ’ਚ ਘਿਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ’ਚ ਉਹ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਧਮਕੀ ਦਿੰਦਾ ਦਿਖਾਈ ਦੇ ਰਿਹਾ ਹੈ।

ਐਤਵਾਰ ਨੂੰ ਹਿੰਸਕ ਕਾਂਡ ਤੋਂ ਪਹਿਲਾਂ ਨਸ਼ਰ ਵੀਡੀਓ ’ਚ ਖੀਰੀ ਤੋਂ ਭਾਜਪਾ ਦੇ ਦੋ ਵਾਰ ਸੰਸਦ ਮੈਂਬਰ ਮਿਸ਼ਰਾ ਨੇ ਕਿਹਾ,‘‘ਮੇਰੇ ਸਾਹਮਣੇ ਆਓ, ਤੁਹਾਨੂੰ ਸੁਧਾਰਨ ’ਚ ਮੈਨੂੰ ਸਿਰਫ਼ ਦੋ ਮਿੰਟ ਲਗਣਗੇ। ਮੈਂ ਸਿਰਫ਼ ਮੰਤਰੀ ਜਾਂ ਸੰਸਦ ਮੈਂਬਰ ਜਾਂ ਵਿਧਾਇਕ ਨਹੀਂ ਹਾਂ। ਸੰਸਦ ਮੈਂਬਰ ਬਣਨ ਤੋਂ ਪਹਿਲਾਂ ਜਿਹੜੇ ਲੋਕ ਮੈਨੂੰ ਜਾਣਦੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਕਿਸੇ ਵੀ ਚੁਣੌਤੀ ਤੋਂ ਭੱਜਣ ਵਾਲਾ ਨਹੀਂ ਹਾਂ। ਜਿਸ ਦਿਨ ਮੈਂ ਚੁਣੌਤੀ ਨੂੰ ਸਵੀਕਾਰ ਕਰ ਲਿਆ ਤਾਂ ਤੁਹਾਨੂੰ ਸਾਰਿਆਂ ਨੂੰ ਨਾ ਸਿਰਫ਼ ਪਾਲੀਆ ਸਗੋਂ ਲਖੀਮਪੁਰ ਵੀ ਖਾਲੀ ਕਰਨਾ ਪਵੇਗਾ।’’

ਸੂਤਰਾਂ ਨੇ ਕਿਹਾ ਕਿ ਮਿਸ਼ਰਾ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕਿਸਾਨਾਂ ਨੇ ਪਿਛਲੇ ਮਹੀਨੇ ਪਾਲੀਆ ’ਚ ਉਸ ਨੂੰ ਕਾਲੇ ਝੰਡੇ ਦਿਖਾਏ ਸਨ। ਸਥਾਨਕ ਕਿਸਾਨ ਆਗੂ ਗੁਰਮੀਤ ਸਿੰਘ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ 25 ਸਤੰਬਰ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਮਿਸ਼ਰਾ ਨੂੰ ਕਾਲੇ ਝੰਡੇ ਦਿਖਾਏ ਸਨ। ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਪ੍ਰੋਗਰਾਮ ਦਾ ਪਤਾ ਲੱਗਣ ’ਤੇ ਕਿਸਾਨ ਸ਼ਾਂਤਮਈ ਢੰਗ ਨਾਲ ਹੈਲੀਪੈਡ ’ਤੇ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਕਿ ਮੌਰਿਆ ਸੜਕ ਮਾਰਗ ਰਾਹੀਂ ਆ ਰਹੇ ਹਨ ਤਾਂ ਕਿਸਾਨ ਰਾਹ ’ਚ ਖੜ੍ਹੇ ਹੋ ਗਏ ਜਿਥੇ ਐਤਵਾਰ ਨੂੰ ਮੰਦਭਾਗੀ ਘਟਨਾ ਵਾਪਰੀ।

ਗੁਰਮੀਤ ਸਿੰਘ ਨੇ ਦੋਸ਼ ਲਾਇਆ ਕਿ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਹਮਾਇਤੀਆਂ ਨੇ ਕਿਸਾਨਾਂ ਨੂੰ ਆਪਣੀ ਐੱਸਯੂਵੀ ਹੇਠਾਂ ਦਰੜਿਆ। ਉਂਜ ਅਜੈ ਮਿਸ਼ਰਾ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਪੁੱਤਰ ਮੌਕੇ ’ਤੇ ਮੌਜੂਦ ਨਹੀਂ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਜਥੇਬੰਦੀਆਂ ਦੇ ਰੋਸ ਪ੍ਰਦਰਸ਼ਨਾਂ ’ਤੇ ਸੁਪਰੀਮ ਕੋਰਟ ਨੂੰ ਇਤਰਾਜ਼
Next articleTN Health Dept to increase mosquito control measures to curb dengue