ਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਨੇ ਰੋਸ ਦਿਵਸ ਮਨਾਇਆ

ਅੰਮ੍ਰਿਤਸਰ (ਸਮਾਜਵੀਕਲੀ) :  ਕੇਂਦਰੀ ਟਰੇਡ ਯੂਨੀਅਨ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਸਾਂਝੇ ਮੰਚ ਤੋਂ ਮਜ਼ਦੂਰ ਮੰਗਾਂ ਤੇ ਹੋਰ ਮਾਮਲਿਆਂ ਸਬੰਧੀ ਦੇਸ਼ਵਿਆਪੀ ਰੋਸ ਦਿਵਸ ਮਨਾਇਆ ਗਿਆ ਹੈ। ਇਸ ਤਹਿਤ ਇੱਥੇ ਕੰਪਨੀ ਬਾਗ ਵਿਚ ਰੋਸ ਰੈਲੀ ਕੀਤੀ ਗਈ, ਜਿਸ ਵਿਚ ਮਜ਼ਦੂਰ ਜਥੇਬੰਦੀਆਂ ਏਟਕ, ਮਜ਼ਦੂਰ ਸਭਾ, ਇੰਟਕ ਅਤੇ ਸੀਟੀਯੂ ਆਦਿ ਸ਼ਾਮਲ ਹੋਈਆਂ।

ਰੋਸ ਰੈਲੀ ਵਿਚ ਸ਼ਾਮਲ ਹੋਣ ਆਏ ਕਾਰਕੁਨਾਂ ਵਿਚ ਕਾਰਖਾਨਿਆਂ ਦੇ ਮਜ਼ਦੂਰ, ਭੱਠਾ ਮਜ਼ਦੂਰ, ਪੱਲੇਦਾਰ ਅਤੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਸ਼ਾਮਲ ਸਨ। ਰੋਸ ਰੈਲੀ ਨੂੰ ਸੀਟੀਯੂ ਦੇ ਵਿਜੈ ਮਿਸ਼ਰਾ, ਏਟਕ ਦੇ ਅਮਰਜੀਤ ਸਿੰਘ ਆਸਲ, ਹਿੰਦ ਮਜ਼ਦੂਰ ਸਭਾ ਦੇ ਕੁਲਵੰਤ ਸਿੰਘ ਬਾਵਾ, ਇੰਟਕ ਦੇ ਸੁਰਿੰਦਰ ਸ਼ਰਮਾ, ਬ੍ਰਹਮਦੇਵ ਸ਼ਰਮਾ, ਜਗਤਾਰ ਸਿੰਘ ਕਰਮਪੁਰਾ, ਬੈਂਕ ਮੁਲਾਜ਼ਮ ਆਗੂ ਰਵੀ ਰਾਜਧਾਨ, ਅਕਵਿੰਦਰ ਕੌਰ, ਲਖਬੀਰ ਸਿੰਘ ਨਿਜ਼ਾਮਪੁਰਾ, ਵਿਜੇ ਕਪੂਰ, ਭੁਪਿੰਦਰ ਸਿੰਘ, ਅਮਰੀਕ ਸਿੰਘ, ਕੇਵਲਜੀਤ ਤੇ ਹੋਰਾਂ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਵਿਚੋਂ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਲਈਆਂ ਜਾਣ, ਤਾਲਾਬੰਦੀ ਦੇ ਸਮੇਂ ਦੀਆਂ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ, ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਕੀਤੀਆਂ ਜਾਣ, ਮਹਿੰਗਾਈ ਅੰਕੜੇ ਰੋਕਣ ਵਾਲਾ ਪੱਤਰ ਰੱਦ ਕੀਤਾ ਜਾਵੇ, ਮਗਨਰੇਗਾ ਮਜ਼ਦੂਰਾਂ ਨੂੰ ਸਾਲ ਵਿਚ ਦੋ ਸੌ ਦਿਨ ਕੰਮ ਦਿੱਤਾ ਜਾਵੇ ਅਤੇ 600 ਰੁਪਏ ਦਿਹਾੜੀ ਕੀਤੀ ਜਾਵੇ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀਏ ਰੋਕਣ ਦਾ ਫ਼ੈਸਲਾ ਵਾਪਸ ਲਿਆ ਜਾਵੇ ਅਤੇ ਨਿੱਜੀਕਰਨ ਬੰਦ ਕੀਤਾ ਜਾਵੇ।

ਬੁਲਾਰਿਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰ, ਆਸ਼ਾ ਵਰਕਰ, ਮਿੱਡ ਡੇਅ ਮੀਲ, ਪੇਂਡੂ ਚੌਕੀਦਾਰ ਤੇ ਹੋਰਨਾਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿਚ ਲਿਆਂਦਾ ਜਾਵੇ ਅਤੇ ਬਿਜਲੀ ਬਿੱਲ 2020 ਵਾਪਸ ਲਿਆ ਜਾਵੇ। ਇਸ ਮੌਕੇ ਸਰਕਾਰ ਅਤੇ ਕਾਲੇ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੈਲੀ ਵਿਚ ਕਾਮਰੇਡ ਦਸਵਿੰਦਰ ਕੌਰ, ਕਿਰਪਾਲ ਸਿੰਘ, ਸੁਖਵੰਤ ਸਿੰਘ, ਬਲਵਿੰਦਰ ਸਿੰਘ, ਮੋਹਨ ਲਾਲ, ਗੁਰਲਾਲ ਕੌਰ, ਸੰਜੇ ਖੋਸਲਾ, ਦਿਲਬਾਗ ਸਿੰਘ ਤੇ ਹੋਰ ਸ਼ਾਮਲ ਸਨ।

Previous articleਬਿਜਲੀ ਸੋਧ ਬਿੱਲ: ਕੇਂਦਰੀ ਊਰਜਾ ਮੰਤਰੀ ਕਰਨਗੇ ਪੰਜਾਬ ਦਾ ਦੌਰਾ
Next articleਕੋਟਕਪੂਰਾ ਗੋਲੀ ਕਾਂਡ: ਇੰਸਪੈਕਟਰ ਪੰਧੇਰ ਦਾ ਮੁੜ ਪੁਲੀਸ ਰਿਮਾਂਡ