ਨਗਰ ਨਿਗਮ ਵੱਲੋਂ ਪਿੰਡ ਡੱਡੂਮਾਜਰਾ ਵਿਚ ਸ਼ਹਿਰ ਦੇ ਕੂੜੇ ਕਰਕਟ ਤੋਂ ਕੰਪੋਸਟ ਬਣਾਉਣ ਲਈ ਮੈਸਰਜ਼ ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ ਕੰਪਨੀ ਵੱਲੋਂ ਲਗਾਏ ਗਏ ਗਾਰਬੇਜ ਪ੍ਰੋਸੈਸਿੰਗ ਪਲਾਂਟ ਦਾ ਨਿਗਮ ਨਾਲ ਕੀਤਾ ਐਗਰੀਮੈਂਟ ਰੱਦ ਕਰ ਦਿੱਤਾ ਜਾਵੇਗਾ ਅਤੇ ਨਿਗਮ ਗਾਰਬੇਜ ਪ੍ਰੋਸੈਸਿੰਗ ਦਾ ਕੰਮ ਖ਼ੁਦ ਆਪਣੇ ਹੱਥ ਵਿਚ ਲੈਣ ਵੱਲ ਕਦਮ ਵਧਾਏਗਾ। ਨਿਗਮ ਕੰਪੋਸਟ ਖਾਦ ਪਲਾਂਟ ਦਾ ਮਾਰਕੀਟ ਰੇਟ ਪੁਆ ਕੇ ਜੇਕਰ ਕੋਈ ਰਾਸ਼ੀ ਕੰਪਨੀ ਨੂੰ ਦੇਣੀ ਬਣਦੀ ਹੋਵੇਗੀ ਤਾਂ ਉਸ ਦਾ ਭੁਗਤਾਨ ਕਰ ਦੇਵੇਗਾ ਜਦਕਿ ਕੂੜੇ ਦੀ ਪ੍ਰੋਸੈਸਿੰਗ ਕਰਨ ਵਾਲੀ ਮਸ਼ੀਨਰੀ ਨੂੰ ਹਟਾਉਣ ਲਈ ਕੰਪਨੀ ਨੂੰ ਨੋਟਿਸ ਭੇਜ ਦਿੱਤਾ ਜਾਵੇਗਾ।
ਇਸ ਕੰਪਨੀ ਨਾਲ ਨਿਗਮ ਵੱਲੋਂ ਦਸੰਬਰ-2005 ਵਿਚ ਕੀਤੇ 30 ਸਾਲਾ ਐਗਰੀਮੈਂਟ ਨੂੰ ਰੱਦ ਕਰਨ ਸੰਬੰਧੀ ਅੱਜ ਨਿਗਮ ਦੀ ਮੀਟਿੰਗ ਵਿਚ ਸਾਰੇ ਕੌਂਸਲਰਾਂ ਵੱਲੋਂ ਸਰਵਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ। ਮੇਅਰ ਰਾਜ ਬਾਲਾ ਮਲਿਕ ਅਤੇ ਕਮਿਸ਼ਨਰ ਕੇ.ਕੇ. ਯਾਦਵ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿਚ ਇਸ ਗੱਲ ਉਤੇ ਸਹਿਮਤੀ ਹੋਈ ਕਿ ਪਲਾਂਟ ਚਲਾ ਰਹੀ ਕੰਪਨੀ ਨੂੰ ਪਹਿਲਾਂ 7 ਦਿਨ ਦਾ ਨੋਟਿਸ ਦਿੱਤਾ ਜਾਵੇਗਾ ਅਤੇ ਫਿਰ ਇਕ ਮਹੀਨੇ ਦੇ ਅੰਦਰ-ਅੰਦਰ ਪਲਾਂਟ ਉਥੋਂ ਹਟਾਉਣ ਲਈ ਕਹਿ ਦਿੱਤਾ ਜਾਵੇਗਾ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਕੰਪਨੀ ਨਿਗਮ ਨਾਲ ਕੀਤੇ ਐਗਰੀਮੈਂਟ ਦੀਆਂ ਸ਼ਰਤਾਂ ਮੁਤਾਬਕ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਰਹੀ ਸੀ ਅਤੇ ਆਸ-ਪਾਸ ਦੇ ਲੋਕ ਬਹੁਤ ਜ਼ਿਆਦਾ ਮਾਤਰਾ ਵਿਚ ਇਕੱਠੇ ਹੋਏ ਕੂੜੇ ਤੋਂ ਪ੍ਰੇਸ਼ਾਨ ਸਨ। ਕੌਂਸਲਰ ਹਰਦੀਪ ਸਿੰਘ ਨੇ ਇਸ ਮੁੱਦੇ ਉਤੇ ਮੀਟਿੰਗ ਵਿਚ ਕਿਹਾ ਕਿ ਐਗਰੀਮੈਂਟ ਰੱਦ ਕਰਨ ਤੋਂ ਪਹਿਲਾਂ ਇਸ ਗੱਲ ’ਤੇ ਵੀ ਵਿਚਾਰ ਕਰ ਲਿਆ ਜਾਵੇ ਕਿ ਕੀ ਨਗਰ ਨਿਗਮ ਕੂੜਾ ਪ੍ਰਾਸੈਸਿੰਗ ਦੇ ਸਮਰੱਥ ਹੋਵੇਗਾ ਜਾਂ ਨਹੀਂ।
INDIA ਕੂੜਾ ਪ੍ਰਾਸੈਸਿੰਗ ਪਲਾਂਟ ਦਾ ਸਮਝੌਤਾ ਹੋਵੇਗਾ ਰੱਦ