ਪਾਕਿਸਤਾਨ ’ਚ ਮੌਤ ਦੀ ਸਜ਼ਾ ਪ੍ਰਾਪਤ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ (49) ਨੂੰ ਸ਼ੁੱਕਰਵਾਰ ਨੂੰ ਸਫ਼ਾਰਤੀ ਰਸਾਈ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਵੀਰਵਾਰ ਨੂੰ ਕਿਹਾ ਕਿ ਇਥੇ ਭਾਰਤੀ ਹਾਈ ਕਮਿਸ਼ਨ ਨੂੰ ਰਸਮੀ ਤੌਰ ’ਤੇ ਇਸ ਬਾਬਤ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪਾਕਿਸਤਾਨ ਹੁਣ ਭਾਰਤ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ। ਪਾਕਿਸਤਾਨ ਵੱਲੋਂ ਇਹ ਕਦਮ ਉਸ ਸਮੇਂ ਉਠਾਇਆ ਗਿਆ ਹੈ ਜਦੋਂ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਨੇ 17 ਜੁਲਾਈ ਨੂੰ ਪਾਕਿਸਤਾਨ ਨੂੰ ਨਿਰਦੇਸ਼ ਦਿੱਤੇ ਕਿ ਉਹ ਜਾਧਵ ਦੀ ਸਜ਼ਾ ਬਾਰੇ ਨਜ਼ਰਸਾਨੀ ਕਰੇ ਅਤੇ ਬਿਨਾਂ ਕਿਸੇ ਦੇਰੀ ਦੇ ਉਸ ਨੂੰ ਸਫ਼ਾਰਤੀ ਰਸਾਈ ਦੀ ਮਨਜ਼ੂਰੀ ਦੇਵੇ। ਜ਼ਿਕਰਯੋਗ ਹੈ ਕਿ ਭਾਰਤੀ ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਜਾਧਵ ਨੂੰ ਜਾਸੂਸੀ ਅਤੇ ਅਤਿਵਾਦੀ ਕਾਰਵਾਈਆਂ ਦੇ ਦੋਸ਼ ਹੇਠ ਅਪਰੈਲ 2017 ’ਚ ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਜਿਸ ਮਗਰੋਂ ਭਾਰਤ ਨੇ ਕੌਮਾਂਤਰੀ ਨਿਆਂ ਅਦਾਲਤ ਕੋਲ ਪਹੁੰਚ ਕੀਤੀ ਸੀ। ਭਾਰਤ ਦਾ ਦਾਅਵਾ ਹੈ ਕਿ ਜਾਧਵ ਨੂੰ ਇਰਾਨ ਤੋਂ ਅਗ਼ਵਾ ਕੀਤਾ ਗਿਆ ਹੈ ਜਿਥੇ ਉਹ ਕਾਰੋਬਾਰ ਦੇ ਸਿਲਸਿਲੇ ’ਚ ਗਿਆ ਸੀ ਜਦਕਿ ਪਾਕਿਸਤਾਨ ਮੁਤਾਬਕ ਜਾਧਵ ਨੂੰ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਤੋਂ ਫੜਿਆ ਸੀ।
HOME ਕੁਲਭੂਸ਼ਨ ਜਾਧਵ ਨੂੰ ਅੱਜ ਮਿਲ ਸਕਦੇ ਨੇ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀ