ਕੁਲਗਾਮ ਹਮਲੇ ਦੇ ਮ੍ਰਿਤਕ ਮਜ਼ਦੂਰ ਸਪੁਰਦ-ਏ-ਖ਼ਾਕ

ਕਸ਼ਮੀਰ ਵਿੱਚ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਪੰਜ ਪਰਵਾਸੀ ਮਜ਼ਦੂਰਾਂ ਨੂੰ ਅੱਜ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿਚਲੇ ਉਨ੍ਹਾਂ ਦੇ ਜ਼ੱਦੀ ਸ਼ਹਿਰ ਬਹਿਲ ਨਗਰ ਵਿੱਚ ਦਫਨਾ ਦਿੱਤਾ ਗਿਆ। ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਲੋਕ ਪੁੱਜੇ।
ਸੂਬਾਈ ਟਰਾਂਸਪੋਰਟ ਮੰਤਰੀ ਸੁਵੇਂਦੂ ਅਧਿਕਾਰੀ ਅਤੇ ਤਿ੍ਣਮੂਲ ਕਾਂਗਰਸ ਦੇ ਸੰਸਦ ਮੈਂਬਰ ਮੋਹੂਆ ਮਿਤਰਾ ਵੀ ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ 5 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਾ ਚੈੱਕ ਸੌਂਪਿਆ। ਹੋਰਨਾਂ ਤੋਂ ਇਲਾਵਾ ਸੂਬੇ ਦੇ ਸ਼ਹਿਰੀ ਵਿਕਾਸ ਮੰਤਰੀ ਫਰਹਦ ਹਕੀਮ ਅਤੇ ਸਥਾਨਕ ਸਿਆਸੀ ਆਗੂਆਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਦਹਿਸ਼ਤਗਰਦਾਂ ਨੇ ਕੁਲਗਾਮ ਜ਼ਿਲ੍ਹੇ ਵਿੱਚ ਕਿਰਾਏ ’ਤੇ ਰਹਿੰਦੇ ਪੰਜ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਧੂਹ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਇਸ ਹਮਲੇ ਵਿੱਚ ਇਕ ਮਜ਼ਦੂਰ ਜੋ ਮੁਰਸ਼ਿਦਾਬਾਦ ਦਾ ਹੀ ਰਹਿਣ ਵਾਲਾ ਸੀ, ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ, ਜੋ ਸ੍ਰੀਨਗਰ ਦੇ ਇਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸੂਤਰਾਂ ਅਨੁਸਾਰ ਸੱਤਵਾਂ ਵਿਅਕਤੀ ਖਾਣਾ ਲੈਣ ਲਈ ਬਾਹਰ ਜਾਣ ਕਰਨ ਬਚ ਗਿਆ ਸੀ ਜੋ ਇਸ ਘਟਨਾ ਬਾਅਦ ਡੂੰਘੇ ਸਦਮੇ ਵਿੱਚ ਹੈ। ਉਸ ਨੂੰ ਬੁੱਧਵਾਰ ਨੂੰ ਕੋਲਕਾਤਾ ਲਿਆਂਦਾ ਗਿਆ ਤੇ ਐੱਸਐੱਸਕੇਐਮ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਹਾਕਿਮ ਜੋ ਬੁੱਧਵਾਰ ਰਾਤ ਨੂੰ ਮਾਰੇ ਗਏ ਮਜ਼ਦੂਰਾਂ ਦੀਆਂ ਲਾਸ਼ਾਂ ਲੈਣ ਲਈ ਕੋਲਕਾਤਾ ਹਵਾਈ ਅੱਡੇ ’ਤੇ ਪੁੱਜੇ ਸਨ ਨੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਇਸ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਦੀ ਚੁੱਪ ’ਤੇ ਸਵਾਲ ਉਠਾਏ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਮੁਲਕ ਦੇ ਨਾਗਰਿਕ ਮਾਰੇ ਜਾ ਰਹੇ ਹਨ ਤੇ ਦੇਸ਼ ਦੇ ਗ੍ਰਹਿ ਮੰਤਰੀ ਚੁੱਪ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 56 ਇੰਚ ਦੇ ਸੀਨੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਨਾਗਰਿਕਾਂ ਦੀ ਰੱਖਿਆ ਨਹੀਂ ਕਰ ਸਕਦੀ ਤਾਂ 56 ਇੰਚ ਜਾਂ 72 ਇੰਚ ਦੇ ਸੀਨੇ ਦਾ ਕੀ ਅਰਥ ਹੈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਘਟਨਾ ਦੀ ਜਾਂਚ ਕਰਾਉਣ ਦੀ ਮੰਗ ਕੀਤੀ।

Previous articleਆਸ਼ੂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਡੀਐੱਸਪੀ ਦੀ ਤਨਖ਼ਾਹ ‘ਰੋਕੀ’
Next articleਪੁਲੀਸ ਨੇ ਸੰਘਰਸ਼ ਕਮੇਟੀ ਦੇ ਆਗੂ ਹਿਰਾਸਤ ’ਚ ਲਏ