ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅੱਜ ਸਲਾਮਤੀ ਦਸਤਿਆਂ ਨਾਲ ਹੋਏ ਮੁਕਾਬਲੇ ਵਿੱਚ ਪੰਜ ਹਿਜ਼ਬੁਲ ਦਹਿਸ਼ਤਗਰਦ ਹਲਾਕ ਹੋ ਗਏ। ਮਾਰੇ ਗਏ ਸਾਰੇ ਦਹਿਸ਼ਤਗਰਦ ਮੁਕਾਮੀ ਬਾਸ਼ਿੰਦੇ ਦੱਸੇ ਜਾਂਦੇ ਹਨ। ਇਸ ਦੌਰਾਨ ਮੁਕਾਬਲੇ ਤੋਂ ਫੌਰੀ ਮਗਰੋਂ ਮੁਕਾਬਲੇ ਵਾਲੀ ਥਾਂ ਮੁਕਾਮੀ ਲੋਕਾਂ ਤੇ ਸਲਾਮਤੀ ਦਸਤਿਆਂ ਵਿਚਾਲੇ ਹੋਈ ਝੜਪ ਵਿੱਚ ਦਸ ਆਮ ਨਾਗਰਿਕ ਜ਼ਖ਼ਮੀ ਹੋ ਗਏ।
ਮੁਕਾਬਲੇ ਵਿੱਚ ਮਾਰੇ ਜਾਣ ਵਾਲੇ ਦਹਿਸ਼ਤਗਰਦਾਂ ਦੀ ਪਛਾਣ ਵਸੀਮ ਬਸ਼ੀਰ ਰਾਥਰ ਵਾਸੀ ਅਸ਼ਮੁਜੀ ਕੁਲਗਾਮ, ਜ਼ਾਹਿਦ ਪੈਰੇ ਵਾਸੀ ਡੀਐੱਚਪੋਰਾ ਕੁਲਗਾਮ, ਇਦਰੀਸ ਭੱਟ ਵਾਸੀ ਅਰਵਿਨੀ ਅਨੰਤਨਾਗ, ਆਕਿਬ ਨਜ਼ੀਰ ਵਾਸੀ ਜ਼ਾਂਗਲਪੋਰਾ ਕੁਲਗਾਮ ਤੇ ਪਰਵੇਜ਼ ਭੱਟ ਕੈਮੋਹ ਕੁਲਗਾਮ ਵਜੋਂ ਹੋਈ ਹੈ। ਇਦਰੀਸ ਸਾਲ 2017 ਵਿੱਚ ਹਿਜ਼ਬੁਲ ਮੁਜਾਹਿਦੀਨ ਦੀਆਂ ਸਫ਼ਾਂ ਵਿੱਚ ਸ਼ਾਮਲ ਹੋਇਆ ਸੀ ਜਦੋਂ ਕਿ ਬਾਕੀ ਦੇ ਦਹਿਸ਼ਤਗਰਦ ਪਿਛਲੇ ਸਾਲ ਦਹਿਸ਼ਤੀ ਜਥੇਬੰਦੀ ਦਾ ਹਿੱਸਾ ਬਣੇ ਸਨ।
ਜਾਣਕਾਰੀ ਅਨੁਸਾਰ ਸਲਾਮਤੀ ਦਸਤਿਆਂ ਨੂੰ ਕੇਲਮ ਪਿੰਡ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਪੁਖਤਾ ਜਾਣਕਾਰੀ ਮਿਲੀ ਸੀ। ਸਲਾਮਤੀ ਦਸਤਿਆਂ ਦੀ ਸਾਂਝੀ ਟੀਮ ਨੇ ਅੱਜ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਪਿੰਡ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢੀ ਤਾਂ ਇਕ ਘਰ ਵਿੱਚ ਲੁਕੇ ਦਹਿਸ਼ਤਗਰਦਾਂ ਨੇ ਸੁਰੱਖਿਆ ਕਰਮੀਆਂ ਦੀ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਕੁਲਗਾਮ ਜ਼ਿਲ੍ਹੇ ਦੇ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸਲਾਮਤੀ ਦਸਤਿਆਂ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿੱਚ ਤਿੰਨ ਦਹਿਸ਼ਤਗਰਦ ਢੇਰ ਹੋ ਗਏ। ਮੁਕਾਮੀ ਸੂਤਰਾਂ ਮੁਤਾਬਕ ਜਿਸ ਘਰ ਵਿੱਚ ਪਹਿਲੇ ਤਿੰੰਨ ਦਹਿਸ਼ਤਗਰਦਾਂ ਨੂੰ ਘੇਰਿਆ ਗਿਆ ਸੀ, ਨੂੰ ਅੱਗ ਲਾ ਦਿੱਤੀ ਗਈ ਸੀ ਤਾਂ ਕਿ ਦਹਿਸ਼ਤਗਰਦਾਂ ਨੂੰ ਬਾਹਰ ਨਿਕਲਣ ਲਈ ਮਜਬੂਰ ਕੀਤਾ ਜਾ ਸਕੇ। ਇਸੇ ਤਰ੍ਹਾਂ ਦੂਜੇ ਘਰ ਨੂੰ ਵੀ ਖਾਸਾ ਨੁਕਸਾਨ ਪੁੱਜਾ।
INDIA ਕੁਲਗਾਮ ’ਚ 5 ਹਿਜ਼ਬੁਲ ਦਹਿਸ਼ਤਗਰਦ ਹਲਾਕ