ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ਾਂ ਵਿੱਚ ਮੋਹਰੀ ਮੰਨੇ ਜਾਂਦੇ ਪਿੰਡ ਭੈਣੀਬਾਘਾ ਦੇ ਕਿਸਾਨ ਗੋਰਾ ਸਿੰਘ ਪੁੱਤਰ ਹਜੂਰਾ ਸਿੰਘ ਦੀ ਜ਼ਮੀਨ ਦੀ ਨਿਲਾਮੀ ਕਰਨ ਆਏ ਅਧਿਕਾਰੀਆਂ ਸਮੇਤ ਮਾਨਸਾ ਦੇ ਇਕ ਆੜ੍ਹਤੀਏ ਅਤੇ ਤਹਿਸੀਲਦਾਰ ਦੇ ਰੀਡਰ ਨੂੰ ਪਿੰਡ ਵਾਸੀਆਂ ਨੇ ਬੰਦੀ ਬਣਾ ਲਿਆ। ਸੰਘਰਸ਼ੀ ਲੋਕਾਂ ਨੇ ਆੜ੍ਹਤੀਆਂ ਨੂੰ ਬੰਦੀ ਦੌਰਾਨ ਧੁੱਪੇ ਬਿਠਾ ਕੇ ਰੱਖਿਆ। ਇਸ ਦੀ ਜਾਣਕਾਰੀ ਮਿਲਣ ’ਤੇ ਵੱਡੀ ਗਿਣਤੀ ਵਿੱਚ ਪੁੱਜੀ ਪੁਲੀਸ ਨੇ ਉਸ ਨੂੰ ਛੁਡਾਉਣ ਦਾ ਯਤਨ ਕੀਤਾ ਗਿਆ, ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਮੁੂਹਰੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਗਈ। ਇਸ ਨਿਲਾਮੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਡਟੇ ਹੋਏ ਸਨ। ਦੇਰ ਸ਼ਾਮ ਹੋਏ ਸਮਝੌਤੇ ਤੋਂ ਬਾਅਦ ਆੜ੍ਹਤੀਏ ਅਤੇ ਰੀਡਰ ਨੂੰ ਰਿਹਾਅ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮਾਨਸਾ ਦੀ ਅਦਾਲਤ ਨੇ ਕਿਸਾਨ ਗੋਰਾ ਸਿੰਘ ਦੀ ਦੋ ਕਨਾਲ ਜ਼ਮੀਨੀ ਦੀ ਕੁਰਕੀ ਦੇ ਆਦੇ ਦਿੱਤੇ ਸਨ। ਇਹ ਕੁਰਕੀ ਡੇਢ ਲੱਖ ਰੁਪਏ ਵਿਚ ਹੋਣੀ ਦੱਸੀ ਗਈ ਹੈ ਜਿਸ ਲਈ ਆੜ੍ਹਤੀਆ ਫਰਮ ਦੇ ਦੋ ਜਣੇ ਪਿੰਡ ਦੇ ਪਟਵਾਰਖਾਨੇ ਵਿੱਚ ਇਸ ਸਬੰਧੀ ਕਾਗਜ਼ੀ ਕਾਰਵਾਈ ਕਰਵਾਉਣ ਲਈ ਗਏ ਸਨ, ਜਿਨ੍ਹਾਂ ਨੂੰ ਕਿਸਾਨਾਂ ਨੇ ਬੰਦੀ ਬਣਾ ਲਿਆ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਆਪੋ-ਆਪਣੀਆਂ ਤਕਰੀਰਾਂ ਦੌਰਾਨ ਦਾਅਵਾ ਕੀਤਾ ਸੀ ਕਿ ਕਿਸਾਨਾਂ ਅਤੇ ਔਰਤਾਂ ਨੇ ਪਟਵਾਰਖਾਨੇ ਦਾ ਘਿਰਾਓ ਕਰਕੇ ਤਹਿਸੀਲਦਾਰ ਦੇ ਰੀਡਰ ਸਮੇਤ ਆੜ੍ਹਤੀਆਂ ਨੂੰ ਬੰਦੀ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਸੇ ਕਿਸਾਨ ਦੀ ਜ਼ਮੀਨ ਕਰਜ਼ੇ ਕਾਰਨ ਨਿਲਾਮ ਨਾ ਹੋਣ ਦਾ ਅਨੇਕਾਂ ਵਾਰ ਦਾਅਵਾ ਕੀਤਾ ਹੈ, ਫਿਰ ਸਰਕਾਰੀ ਅਧਿਕਾਰੀ ਅਜਿਹੀ ਜ਼ਮੀਨ ਦੀ ਨਿਲਾਮੀ ਕਰਨ ਲਈ ਕਿਹੜੇ ਆਦੇਸ਼ਾਂ ਤਹਿਤ ਪਿੰਡਾਂ ਵਿਚ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਕਰਜ਼ਾ-ਕੁਰਕੀਆਂ ਖਤਮ ਹੋ ਗਈਆਂ ਹਨ, ਪਰ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਦੂਰ ਨਹੀਂ ਹੋਈਆਂ।
ਬਲਵਿੰਦਰ ਸ਼ਰਮਾ ਖਿਆਲਾ ਨੇ ਕਿਹਾ ਕਿ ਜਥੇਬੰਦੀ ਪਹਿਲਾਂ ਹੀ ਆਪਣੇ ਪ੍ਰੋਗਰਾਮਾਂ ਵਿੱਚ ਐਲਾਨ ਕਰ ਚੁੱਕੀ ਹੈ ਕਿ ਨਿਲਾਮੀ ਵਾਲੇ ਅਧਿਕਾਰੀਆਂ ਦਾ ਪਿੰਡਾਂ ਵਿੱਚ ਘਿਰਾਓ ਕੀਤਾ ਜਾਵੇਗਾ, ਫਿਰ ਅਜਿਹੇ ਅਫਸਰ ਪਿੰਡਾਂ ਵਿੱਚ ਕਿਉਂ ਪੁੱਜ ਰਹੇ ਹਨ। ਇਸੇ ਦੌਰਾਨ ਰਾਜ ਅਕਲੀਆਂ, ਕੇਵਲ ਸਿੰਘ ਮਾਖਾ, ਮੱਖਣ ਸਿੰਘ ਭੈਣੀਬਾਘਾ, ਹਰਦੇਵ ਸਿੰਘ, ਗੋਰਾ ਸਿੰਘ ਭੈਣੀਬਾਘਾ, ਹਰਜਿੰਦਰ ਸਿੰਘ, ਕਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ।
ਡੀਐਸਪੀ ਸਿਮਰਨਜੀਤ ਸਿੰਘ ਲੰਗ ਨੇ ਇਸ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਕਿਸਾਨ ਜਥੇਬੰਦੀਆਂ ਅਤੇ ਆੜ੍ਹਤੀਆਂ ਵਿਚਾਲੇ ਸਮਝੌਤਾ ਹੋ ਗਿਆ ਹੈ।
INDIA ਕੁਰਕੀ ਕਰਨ ਆਏ ਅਧਿਕਾਰੀ ਬੰਦੀ ਬਣਾਏ