ਐਸਡੀ ਤੇ ਗੁਰੂ ਗੋਬਿੰਦ ਸਿੰਘ ਕਾਲਜਾਂ ’ਚ ਵਿਦਿਆਰਥੀਆਂ ਵੱਲੋਂ ਸ਼ਕਤੀ ਪ੍ਰਦਰਸ਼ਨ

ਯੂਟੀ ਦੇ ਕਾਲਜਾਂ ਵਿੱਚ 6 ਸਤੰਬਰ ਨੂੰ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਬਾਕੀ ਕਾਲਜਾਂ ਵਿੱਚ ਚੋਣ ਪ੍ਰਚਾਰ ਠੰਢਾ ਰਿਹਾ ਜਦੋਂਕਿ ਜੀਜੀਡੀ ਐਸਡੀ ਕਾਲਜ ਤੇ ਗੁਰੂ ਗੋਬਿੰਦ ਸਿੰਘ ਕਾਲਜ ’ਚ ਚੋਣ ਲੜ ਰਹੀਆਂ ਜਥੇਬੰਦੀਆਂ ਵੱਲੋਂ ਰੈਲੀਆਂ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਕਾਲਜ ’ਚ ਮਾਰਚ ਕਰਕੇ ਵਿਦਿਆਰਥੀਆਂ ਨੂੰ ਆਪਣੀਆਂ ਪਾਰਟੀਆਂ ਦੀਆਂ ਨੀਤੀਆਂ ਤੇ ਏਜੰਡੇ ਬਾਰੇ ਜਾਣੂ ਕਰਾਇਆ ਗਿਆ।
ਕਾਲਜਾਂ ਦਾ ਦੌਰਾ ਕਰਨ ’ਤੇ ਐਸਡੀ ਕਾਲਜ ਸੈਕਟਰ-32 ’ਚ ਸੋਈ ਤੇ ਐਸਡੀਸੀਯੂ ਤੇ ਐਸਡੀਐਚਯੂ ਨੇ ਰੈਲੀਆਂ ਕਰਕੇ ਆਪਣੀਆਂ ਯੋਜਨਾਵਾਂ ਬਾਰੇ ਦੱਸਿਆ। ਐਸਡੀਸੀਯੂ ਵੱਲੋਂ ਰੈਲੀ ਸਵੇਰੇ ਗਿਆਰਾਂ ਵਜੇ ਤੇ ਸੋਈ ਵੱਲੋਂ ਦੁਪਹਿਰ 12.30 ਵਜੇ ਕੀਤੀ ਗਈ। ਇਸ ਦੌਰਾਨ ਸੋਈ ਵੱਲੋਂ ਕੱਢੀ ਰੈਲੀ ’ਚ ਦੂਜੀ ਪਾਰਟੀ ਦੇ ਮੁਕਾਬਲੇ ਵੱਧ ਵਿਦਿਆਰਥੀ ਸ਼ਾਮਲ ਹੋਏ। ਸੋਈ ਦੇ ਉਮੀਦਵਾਰ ਪ੍ਰੀਤਮ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜਾਂ ਦੀਆਂ ਹੋਸਟਲ ਦੀਆਂ ਵਿਦਿਆਰਥਣਾਂ ਨੂੰ ਇਸ ਵੇਲੇ ਸਿਰਫ ਸ਼ਾਮ ਪੰਜ ਵਜੇ ਆਊਟਿੰਗ ਮਿਲਦੀ ਹੈ ਜਦੋਂਕਿ ਲੜਕਿਆਂ ਲਈ ਸਮਾਂ 9 ਵਜੇ ਹੈ, ਉਹ ਲੜਕੀਆਂ ਦੀ ਆਊਟਿੰਗ ਦਾ ਸਮਾਂ ਵਧਾਉਣ ਲਈ ਜ਼ੋਰ ਲਾਉਣਗੇ ਤੇ ਕਾਲਜ ਦੀ ਚਿਰੋਕਣੀ ਮੰਗ ਓਪਨ ਏਅਰ ਥੀਏਟਰ ਦਾ ਨਿਰਮਾਣ ਕਰਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਐਸਡੀਸੀਯੂ ਤੇ ਐਸਡੀਐਚਯੂ ਦੇ ਪ੍ਰਧਾਨਗੀ ਦੇ ਉਮੀਦਵਾਰ ਰਾਜਕਰਨ ਨੇ ਦੱਸਿਆ ਕਿ ਕਾਲਜ ’ਚ ਮੀਂਹ ਦੇ ਦਿਨਾਂ ’ਚ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤੇ ਖੇਡ ਦਾ ਮੈਦਾਨ ਖਸਤਾ ਹਾਲ ਹੈ ਉਹ ਇਨ੍ਹਾਂ ਕੰਮਾਂ ਨੂੰ ਕਰਵਾਉਣਗੇ।
ਇਸ ਵਾਰ ਪੰਜਾਬ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀ ਰੈਲੀ ਕਰਨ ਦੀ ਸਲਾਹ ਮਗਰੋਂ ਡੀਏਵੀ ਕਾਲਜ ਤੇ ਪੋਸਟ ਗਰੈਜੂਏਟ ਸਰਕਾਰੀ ਕਾਲਜਾਂ ਸੈਕਟਰ-11 ’ਚ ਰੈਲੀਆਂ ਨਹੀਂ ਹੋਈਆਂ ਤੇ ਵਿਦਿਆਰਥੀਆਂ ਨੇ ਸਮੂਹਾਂ ’ਚ ਜਾ ਕੇ ਵੋਟਾਂ ਮੰਗੀਆਂ। ਗੁਰੂ ਗੋਬਿੰਦ ਸਿੰਘ ਕਾਲਜ ’ਚ ਵਿਦਿਆਰਥਣਾਂ ਨੇ ਦੱਸਿਆ ਕਿ ਇਸ ਕਾਲਜ ’ਚ ਬਾਹਰ ਤੋਂ ਲੜਕੇ ਆ ਕੇ ਲੜਕੀਆਂ ਨੂੰ ਪ੍ਰੇਸ਼ਾਨ ਕਰਦੇ ਹਨ। ਇਸ ਤੋਂ ਇਲਾਵਾ ਕਾਲਜ ’ਚ ਹਰ ਸਾਲ ਹੁੰਦੀ ਸਟਾਰ ਨਾਈਟ ’ਚ ਵੀ ਜ਼ਿਆਦਾਤਰ ਬਾਹਰੀ ਵਿਦਿਆਰਥੀ ਆ ਕੇ ਹੰਗਾਮਾ ਕਰਦੇ ਹਨ ਜਿਸ ਦੇ ਉਹ ਖ਼ਿਲਾਫ਼ ਹਨ। ਉਨ੍ਹਾਂ ਚੋਣ ਲੜ ਰਹੀਆਂ ਪਾਰਟੀਆਂ ਨੂੰ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ।

Previous articleਕੁਰਕੀ ਕਰਨ ਆਏ ਅਧਿਕਾਰੀ ਬੰਦੀ ਬਣਾਏ
Next articleਕਾਂਗਰਸੀ ਕੌਂਸਲਰਾਂ ਨੇ ਮੇਅਰ ਤੇ ਅਫ਼ਸਰਾਂ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ