ਕੁਦਰਤ ਨਾਲ ਛੇੜਖਾਨੀ

(ਸਮਾਜ ਵੀਕਲੀ)

ਕਿਉ ਕਾਦਰ ਦੀ ਕੁਦਰਤ ਦੇ ਨਾਲ ,
ਰੋਜ ਕਰੇ ਹੁਸ਼ਿਆਰੀ ।
ਇਸ ਦੀ ਕੀਮਤ ਇੱਕ ਦਿਨ ਤੈਨੂੰ ,
ਪਊ ਚੁਕਾਉਣੀ ਭਾਰੀ ।
ਹੁਣ ਵੀ ਨਾ ਜੇ ਹੋਸ਼ ਸੰਭਾਲੀ ,
ਵਕਤ ਹੈ ਤੈਨੂੰ ਤਾੜ ਰਿਹਾ ।
ਕਿਉ ਰੁੱਖਾਂ ਨੂੰ ਵੱਢ ਮੂਰਖਾ ,
ਹੱਥੀਂ ਆਪ ਉਜਾੜ ਰਿਹਾ ।

ਨਾ ਚਿੜੀਆਂ ਦੀ ਚੂੰ ਚੂੰ ਕਿਧਰੇ ,
ਨਾ ਹੀ ਕੋਇਲਾਂ ਗੀਤ ਸੁਣਾਵਣ ।
ਬਾਗ਼ ਬਹਾਰਾਂ ਕਿਤੇ ਨਾ ਰਹੀਆਂ ,
ਮੋਰ ਜਿੱਥੇ ਨਿੱਤ ਪੈਲਾਂ ਪਾਵਣ ।
ਪਹਿਲਾਂ ਵਾਂਗ ਨਾ ਜੰਗਲ ਬੇਲੇ ,
ਨਾ ਕਿਧਰੇ ਕੋਈ ਝਾੜ ਰਿਹਾ ।
ਕਿਉ ਰੁੱਖਾਂ ਨੂੰ ਵੱਢ ਮੂਰਖਾ ,
ਹੱਥੀਂ ਆਪ ਉਜਾੜ ਰਿਹਾ ।

ਤੂੰ ਕਰ ਕਰ ਅੰਨ੍ਹੇਵਾਹ ਕਟਾਈ,
ਕਿਉ ਵਾਤਾਵਰਨ ਖਰਾਬ ਕਰੇ ।
ਕੁਦਰਤ ਸਾਇਦ ਨਾਰਾਜ਼ ਤੇਰੇ ਨਾਲ,
ਅੱਜ ਦੇਖ ਹਿਸਾਬ ਕਿਤਾਬ ਕਰੇ।
ਦਮ ਘੁੱਟ ਘੁੱਟਕੇ ਮਰਨ ਲੱਗੇ ,
ਜੋ ਰੋਜ ਦਰੱਖਤ ਉਖਾੜ ਰਿਹਾ ।
ਕਿਉ ਰੁੱਖਾਂ ਨੂੰ ਵੱਢ ਮੂਰਖਾ ,
ਹੱਥੀਂ ਆਪ ਉਜਾੜ ਰਿਹਾ ।

ਜਿਨ੍ਹਾਂ ਦੀ ਬਹਿ ਛਾਵੇਂ ਸੱਜਣਾ ,
ਸੀ ਦੁੱਖ ਸੁੱਖ ਕਰਦੇ ਸਾਂਝੇ ।
ਪਿੱਪਲਾਂ ਬੋਹੜਾਂ ਬਾਝੋ ਹੋ ਗਏ,
ਸਭ ਰਿਸਤੇ ਨਾਤੇ ਵੀ ਵਾਂਝੇ ।
ਨਫਰਤ ਦੀ ਅੱਗ ਅੰਦਰ ਬੰਦਾ,
ਆਪਣੇ ਆਪ ਨੂੰ ਸਾੜ ਰਿਹਾ।
ਕਿਉ ਰੁੱਖਾਂ ਨੂੰ ਵੱਢ ਮੂਰਖਾ ,
ਹੱਥੀਂ ਆਪ ਉਜਾੜ ਰਿਹਾ ।

ਬਾਝ ਰੁੱਖਾਂ ਦੇ ਧਰਤੀ ਤੋ ,
ਅੱਜ ਮੁੱਕ ਚੱਲਿਆ ਹੈ ਪਾਣੀ।
ਹਵਾ ਵੀ ਹੁਣ ਜ਼ਹਿਰੀਲੀ ਹੋ ਕੇ ,
ਬਣ ਗਈ ਹੈ ਬੰਦੇ ਖਾਣੀ।
ਸੁਖਚੈਨ ਜੋੜ ਹੱਥ ਕਰੇ ਬੇਨਤੀ ,
ਨਵਾਂ ਚੰਦ ਕਿਉ ਚਾੜ੍ਹ ਰਿਹਾ ।
ਕਿਉ ਰੁੱਖਾਂ ਨੂੰ ਵੱਢ ਮੂਰਖਾ ,
ਹੱਥੀਂ ਆਪ ਉਜਾੜ ਰਿਹਾ ।

ਸੁਖਚੈਨ ਸਿੰਘ ਚੰਦ ਨਵਾਂ
9914973876

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSlovenia’s unemployed numbers at historic low
Next articleNew Zealand FM sees opportunity to strengthen relationship with India