ਕੁਆਲਾਲੰਪੁਰ ਤੋਂ ਆਏ ਯਾਤਰੂ ਤੋਂ ਅੱਧਾ ਕਿਲੋ ਸੋਨਾ ਬਰਾਮਦ

ਕਸਟਮ ਵਿਭਾਗ ਨੇ ਕੁਆਲਾਲੰਪੁਰ ਤੋਂ ਆਏ ਯਾਤਰੀ ਕੋਲੋਂ 499.9 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਉਸ ਨੇ ਇਹ ਸੋਨਾ ਆਪਣੇ ਸਰੀਰ ਦੇ ਪਿਛਲੇ ਹਿੱਸੇ ਵਿਚ ਲੁਕਾਇਆ ਹੋਇਆ ਸੀ। ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਏਅਰ ਏਸ਼ੀਆ ਹਵਾਈ ਕੰਪਨੀ ਦੀ ਉਡਾਣ ਨੰਬਰ ਡੀ 7, 188 ਰਾਹੀਂ ਕੁਆਲਾਲੰਪੁਰ ਤੋਂ ਆਏ ਇਸ ਯਾਤਰੀ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਕੋਲੋਂ ਸੋਨੇ ਦੇ ਇਹ ਪੰਜ ਬਿਸਕੁਟ ਬਰਾਮਦ ਹੋਏ। ਉਸ ਨੇ ਇਹ ਸੋਨਾ ਪਲਾਸਟਿਕ ਦੀ ਕਾਲੀ ਟੇਪ ਨਾਲ ਲਪੇਟ ਕੇ ਇਸ ਨੂੰ ਆਪਣੇ ਸਰੀਰ ਦੇ ਪਿਛਲੇ ਹਿੱਸੇ ਦੇ ਅੰਦਰ ਲੁਕਾਇਆ ਹੋਇਆ ਸੀ। ਉਸ ਦੀ ਬਾਰੀਕੀ ਨਾਲ ਕੀਤੀ ਜਾਂਚ ਮਗਰੋਂ ਇਹ ਸੋਨਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਲ ਲਗਪਗ 16,17,177 ਰੁਪਏ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਕਸਟਮ ਐਕਟ 1962 ਹੇਠ ਕਾਰਵਾਈ ਕਰਦਿਆਂ ਇਹ ਸੋਨਾ ਜ਼ਬਤ ਕਰ ਲਿਆ ਹੈ। ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਇਸੇ ਮਹੀਨੇ ਵਿਚ ਹੀ ਕਸਟਮ ਵਿਭਾਗ ਨੇ ਅਟਾਰੀ ਆਈਸੀਪੀ ਵਿਚ ਅਫ਼ਗਾਨਿਸਤਾਨ ਤੋਂ ਆਏ ਸੇਬਾਂ ਦੀਆਂ ਪੇਟੀਆਂ ਵਿਚੋਂ ਲਗਪਗ 32 ਕਿਲੋ ਸੋਨਾ ਬਰਾਮਦ ਕੀਤਾ ਸੀ।

Previous articleਕੈਪਟਨ ਕਰਤਾਰਪੁਰ ਲਾਂਘੇ ਵਿਚ ਅੜਿੱਕੇ ਨਾ ਪਾਉਣ: ਬਾਦਲ
Next articleਪੰਜਾਬ ਦੇ ਨਿਸ਼ਾਨੇਬਾਜ਼ਾਂ ਨੇ ਫੁੰਡੇ 38 ਤਗ਼ਮੇ