(ਸਮਾਜ ਵੀਕਲੀ)
ਕਿਤਾਬਾਂ ਜ਼ਿੰਦਗੀ ਭਰ ਤੁਹਾਡੇ ਨਾਲ ਤੁਹਾਡੀ ਹਮਸਫ਼ਰ ਬਣ ਕੇ ਚੱਲ ਸਕਦੀਆਂ ਹਨ, ਬਸ਼ਰਤੇ ਤੁਸੀਂ ਪੁਸਤਕਾਂ ਨੂੰ ਉਹਨਾਂ ਦਾ ਬਣਦਾ ਮਾਣ-ਸਤਿਕਾਰ ਤਾਂ ਦਿਓ। ਕਿਤਾਬਾਂ ਤੁਹਾਡਾ ਰਾਖਾ ਬਣ ਕੇ ਸਾਰੀ ਜ਼ਿੰਦਗੀ ਲਈ ਤੁਹਾਨੂੰ ਸੁਰੱਖਿਅਤ ਰੱਖ ਸਕਦੀਆਂ ਹਨ, ਬਸ਼ਰਤੇ ਤੁਸੀਂ ਉਹਨਾਂ ਤੇ ਅਵੱਲ ਦਰਜੇ ਦਾ ਵਿਸ਼ਵਾਸ ਤਾਂ ਕਰੋ। ਕਿਤਾਬਾਂ ਤੁਹਾਡੀ ਜ਼ਿੰਦਗੀ ਬਦਲ ਸਕਦੀਆਂ ਹਨ , ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਬਰਸਾਤ ਲਿਆ ਸਕਦੀਆਂ ਹਨ, ਬਸ਼ਰਤੇ ਸਾਰੀ ਜ਼ਿੰਦਗੀ ਤੁਸੀਂ ਕਿਤਾਬਾਂ ਨੂੰ ਆਪਣੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਬਣਾ ਕੇ ਰੱਖੋ।
ਤੁਹਾਡਾ ਮਨ ਹਮੇਸ਼ਾ ਸ਼ਾਂਤ ਚਿੱਤ ਰਹਿ ਸਕਦਾ ਹੈ, ਹਰ ਨਵੇਂ ਦਿਨ ਤੁਸੀਂ ਆਪਣੇ ਆਪ ਨੂੰ ਫੁਲੋਂ ਹੋਲੇ ਮਹਿਸੂਸ ਕਰ ਸਕਦੇ ਹੋ, ਬਸ਼ਰਤੇ ਤੁਸੀਂ ਪੁਸਤਕਾਂ ਪੜ੍ਹ ਕੇ ਉਹਨਾਂ ਬਾਰੇ ਲਿਖਣ ਦੀ ਆਦਤ ਪਾ ਲਵੋ, ਜਿਸ ਦੇ ਨਾਲ ਲੱਗਦਿਆਂ ਤੁਹਾਡੇ ਮਨ ਵਿੱਚਲੇ ਹੋਰ ਜਰੂਰੀ,ਗ਼ੈਰ ਜਰੂਰੀ ਵਿਚਾਰ ਇਹਨਾਂ ਲਿਖਤਾਂ ਰਾਹੀਂ ਤੁਸੀਂ ਆਪਣੇ ਮਨ ਵਿੱਚੋਂ ਬਾਹਰ ਲਿਆ ਸਕੋਂ। ਕਿਤਾਬਾਂ ਤੁਹਾਨੂੰ ਅੰਧਕਾਰ , ਅੰਧ-ਵਿਸ਼ਵਾਸ ਅਤੇ ਵਹਿਮਾਂ-ਭਰਮਾਂ ਵਿਚੋਂ ਬਾਹਰ ਕੱਢ ਕੇ ਗਿਆਨ, ਤਰਕ ਅਤੇ ਸੱਚਾਈ ਦੇ ਮਾਰਗ ਵੱਲ ਲਿਜਾ ਸਕਦੀਆਂ ਹਨ ਪਰ ਸਰਤ ਇਹ ਹੈ ਕਿ ਤੁਹਾਨੂੰ ਵੀ ਪੁਸਤਕਾਂ ਪੜ੍ਹਦਿਆਂ ਹਰ ਪ੍ਰਕਾਰ ਦੀ ਕੱਟੜਤਾ, ਬਿਮਾਰ ਮਾਨਸਿਕਤਾ ਅਤੇ ਸੋਚ ਦੀ ਸੰਕੀਰਨਤਾ ਛੱਡਣੀ ਪੈਣੀ ਹੈ ਅਤੇ ਇਹਨਾਂ ਤੋਂ ਛੁਟਕਾਰਾ ਵੀ ਪੁਸਤਕਾਂ ਦੇ ਲੜ੍ਹ ਲੱਗਣ ਨਾਲ ਹੀ ਸੰਭਵ ਹੈ।
ਪੁਸਤਕਾਂ ਤੁਹਾਡੇ ਵਿੱਚ ਪੈਦਾ ਹੋ ਰਹੀਆਂ ਅਤੇ ਪਹਿਲਾਂ ਤੋਂ ਵਿਕਸਤ ਕੁੱਝ ਮਾੜੀਆਂ ਆਦਤਾਂ ਤੋਂ ਤੁਹਾਨੂੰ ਛੁਟਕਾਰਾ ਦਵਾ ਸਕਦੀਆਂ ਹਨ ਜੇਕਰ ਤੁਸੀਂ ਕਿਤਾਬਾਂ ਪੜ੍ਹਨ ਦੀ ਆਦਤ ਪਾ ਲਵੋ। ਕਿਤਾਬਾਂ ਤੁਹਾਡੇ ਚਿਹਰੇ ਤੇ ਕੁਦਰਤੀ ਨੂਰ ਦਾ ਦਰਿਆ ਵਹਾ ਸਕਦੀਆਂ ਹਨ, ਜਿਸ ਦੇ ਲਈ ਤੁਹਾਨੂੰ ਕਿਤਾਬਾਂ ਵਿਚਲੇ ਗਿਆਨ ਦੇ ਦਰਿਆ ਵਿੱਚ ਤਾਰੀ ਲਾਉਂਣੀ ਪੈਣੀ ਹੈ। ਪੁਸਤਕਾਂ ਤੁਹਾਡੇ ਵਿੱਚੋਂ ਹੀਨ ਭਾਵਨਾ ਦਾ ਨਾਸ਼ ਕਰਕੇ ਤੁਹਾਡੇ ਅੰਦਰ ਆਤਮਵਿਸ਼ਵਾਸ ਦਾ ਦੀਪ ਰੌਸ਼ਨ ਕਰ ਸਕਦੀਆਂ ਹਨ, ਸਰਤ ਇਹ ਹੈ ਕਿ ਤੁਹਾਨੂੰ ਵੀ ਇਸ ਦੀਪ ਨੂੰ ਸਦਾ ਜਗਮਗਾਉਂਦੇ ਰੱਖਣ ਲਈ ਕਿਤਾਬਾਂ ਤੋਂ ਪ੍ਰਾਪਤ ਗਿਆਨ ਨਾਲ ਆਪਣੇ-ਆਪ ਨੂੰ ਅਤੇ ਹੋਰਨਾਂ ਨੂੰ ਮੱਘਦਾ ਅਤੇ ਜੱਗਦਾ ਰੱਖਣਾ ਪੈਣਾ ਹੈ।ਪੁਸਤਕਾਂ ਤੁਹਾਨੂੰ ਮਹਿਬੂਬ ਦੀ ਗਲਵੱਕੜੀ ਜਿੱਡਾ ਸਕੂਨ ਦੇਣਗੀਆਂ, ਸਰਤ ਇਹ ਹੈ ਕਿ ਤੁਹਾਨੂੰ ਵੀ ਪੁਸਤਕਾਂ ਵੱਲ ਸੱਚੇ ਪ੍ਰੇਮੀ ਵਾਂਗਰ ਬਾਹਾਂ ਖਲਾਰ ਕੇ ਖੜ੍ਹਨਾ ਪੈਣਾ ਹੈ।
ਕਈ ਪੁਸਤਕਾਂ ਤੁਹਾਨੂੰ ਮਾਂ ਦੇ ਢਿੱਡ ਵਿੱਚੋਂ ਨੌਂ ਮਹੀਨੇ ਬਾਅਦ ਆਏ ਬਾਲ ਦੀ ਪਹਿਲੀ ਹਸੀ ਦੀ ਕਿਲਕਾਰੀ ਜਿਹਾ ਅਹਿਸਾਸ ਕਰਾਉਣਗਿਆਂ, ਸਰਤ ਇਹ ਹੈ ਕਿ ਤੁਹਾਡੇ ਵਿੱਚ ਵੀ ਬਾਲ ਨੂੰ ਨੌਂ ਮਹੀਨੇ ਆਪਣੇ ਪੇਟ ਵਿੱਚ ਰੱਖਣ ਵਾਲੀ ਮਾਂ ਵਾਂਗਰ ਬਲ ਅਤੇ ਸਬਰ-ਸੰਤੋਖ ਦੀ ਭਾਵਨਾ ਦਾ ਸੰਚਾਰ ਹੁੰਦਾ ਹੋਵੇ। ਇਹ ਬਲ ਅਤੇ ਸਬਰ-ਸੰਤੋਖ ਵੀ ਤੁਸੀਂ ਇਹਨਾਂ ਪੁਸਤਕਾਂ ਵਿੱਚੋਂ ਹੀ ਪ੍ਰਾਪਤ ਕਰ ਸਕਦੇ ਹੋ ਬਸ਼ਰਤੇ ਤੁਹਾਨੂੰ ਅੱਜ ਤੋਂ ਹੀ ਬਲਕਿ ਹੁਣ ਤੋਂ ਹੀ ਕਿਤਾਬਾਂ ਦੇ ਨਾਲ ਸਾਂਝ ਪਾਉਣੀ ਪੈਣੀ ਹੈ, ਕਿਤਾਬਾਂ ਨੂੰ ਆਪਣਾ ਪੱਕਾ ਮਿੱਤਰ ਬਣਾਉਣਾ ਪੈਣਾ ਹੈ।