ਕੀ ਇਹੀ ਸਾਡੇ ਸੁਫ਼ਨਿਆਂ ਦਾ ਭਾਰਤ ਹੈ: ਰਾਹੁਲ

ਨਵੀਂ ਦਿੱਲੀ (ਸਮਾਜਵੀਕਲੀ) : ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਚਿਤਰਕੂਟ ’ਚ ਨਾਬਾਲਗ ਲੜਕੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਕੀਤੇ ਜਾਣ ਨਾਲ ਸਬੰਧਤ ਖ਼ਬਰ ਨੂੰ ਲੈ ਕੇ ਅੱਜ ਸਵਾਲ ਕੀਤਾ ਕਿ ਕੀ ਇਹ ਸਾਡੇ ਸੁਫ਼ਨਿਆਂ ਦਾ ਭਾਰਤ ਹੈ। ਉਨ੍ਹਾਂ ਟਵੀਟ ਕੀਤਾ, ‘ਲੌਕਡਾਊਨ ’ਚ ਭੁੱਖ ਨਾਲ ਮਰਦਾ ਪਰਿਵਾਰ।

ਇਨ੍ਹਾਂ ਬੱਚੀਆਂ ਨੂੰ ਜਿਊਂਦੇ ਰਹਿਣ ਲਈ ਇਹ ਭਿਆਨਕ ਕੀਮਤ ਤਾਰਨੀ ਪਈ ਹੈ। ਕੀ ਇਹੀ ਸਾਡੇ ਸੁਫ਼ਨਿਆਂ ਦਾ ਭਾਰਤ ਹੈ।’ ਕਾਂਗਰਸ ਆਗੂ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ ਹੈ ਉਸ ਅਨੁਸਾਰ ਚਿਤਰਕੂਟ ’ਚ ਖਾਣਾਂ ’ਚ ਕੰਮ ਕਰਨ ਵਾਲੇ ਗਰੀਬ ਪਰਿਵਾਰਾਂ ਦੀਆਂ ਨਾਬਾਲਗ ਲੜਕੀਆਂ ਦਾ ਕਥਿਤ ਤੌਰ ’ਤੇ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਕੌਮੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਚਿਤਰਕੂਟ ’ਚ ਨਾਬਾਲਿਗ ਲੜਕੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਤਲਬ ਕਰ ਲਈ ਹੈ ਤੇ ਨਾਲ ਹੀ ਕਮਿਸ਼ਨ ਨੇ ਇਸ ਮਾਮਲੇ ’ਚ ਜਲਦੀ ਤੋਂ ਜਲਦੀ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।

ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਕਮਿਸ਼ਨ ਦੇ ਪ੍ਰਧਾਨ ਪ੍ਰਿਯਾਂਕ ਕਾਨੂੰਨਗੋ ਨੇ ਇੱਕ ਖ਼ਬਰ ਦਾ ਨੋਟਿਸ ਲੈਂਦਿਆਂ ਚਿਤਰਕੂਟ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਪੱਤਰ ਲਿਖ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੇ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

Previous articleGlobal COVID-19 cases top 12.2mn: Johns Hopkins
Next articleਰੱਖਿਆ ਮੰਤਰੀ ਵੱਲੋਂ ਜੰਮੂ ਕਸ਼ਮੀਰ ’ਚ 6 ਪੁਲਾਂ ਦਾ ਉਦਘਾਟਨ