ਇੱਥੇ ਪੀਸੀਏ ਸਟੇਡੀਅਮ ’ਤੇ ਹੋਣ ਵਾਲੇ ਆਈਪੀਐਲ ਟੀ-20 ਮੈਚ ਲਈ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਮੁਹਾਲੀ ਪਹੁੰਚ ਗਈਆਂ ਹਨ। ਪੰਜਾਬ ਦੇ ਸ਼ੇਰ ਜੇਤੂ ਲੈਅ ਵਿੱਚ ਪਰਤਣ ਅਤੇ ਮੁੰਬਈ ਦੇ ਖਿਡਾਰੀ ਜੇਤੂ ਲੈਅ ਕਾਇਮ ਰੱਖਣ ਲਈ ਸ਼ਨਿੱਚਰਵਾਰ ਨੂੰ ਚਾਰ ਵਜੇ ਮੈਦਾਨ ਵਿੱਚ ਉਤਰਨਗੇ। ਦੋਵੇਂ ਟੀਮਾਂ ਦੋ-ਦੋ ਮੈਚ ਖੇਡ ਚੁੱਕੀਆਂ ਹਨ। ਦੋਵਾਂ ਟੀਮਾਂ ਦੇ ਇੱਕ-ਇੱਕ ਜਿੱਤ ਅਤੇ ਹਾਰ ਨਾਲ ਦੋ-ਦੋ ਅੰਕ ਹਨ। ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀਆਂ ਨੇ ਕਪਤਾਨ ਆਰ ਆਸ਼ਵਿਨ ਦੀ ਅਗਵਾਈ ਹੇਠ ਅੱਜ ਬਾਅਦ ਦੁਪਹਿਰ ਚਾਰ ਵਜੇ ਤੋਂ ਸ਼ਾਮੀਂ ਸੱਤ ਵਜੇ ਤੱਕ ਅਭਿਆਸ ਕੀਤਾ। ਟੀਮ ਦੇ ਖਿਡਾਰੀ ਮੁਹਾਲੀ ਵਿੱਚ ਹੋਣ ਵਾਲੇ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਕਿੰਗਜ਼ ਇਲੈਵਨ ਦੇ ਕੋਚ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਟੀਮ ਆਪਣੇ ਘਰੇਲੂ ਗਰਾਊਂਡ ’ਤੇ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸੈਸ਼ਨ ਵਿੱਚ ਵੀ ਕਿੰਗਜ਼ ਇਲੈਵਨ ਦਾ ਇੱਥੇ ਬਿਹਤਰੀਨ ਪ੍ਰਦਰਸ਼ਨ ਰਿਹਾ ਸੀ। ਉਨ੍ਹਾਂ ਕਿਹਾ ਕਿ ਪੂਰੀ ਟੀਮ ਲੈਅ ਵਿੱਚ ਹੈ ਅਤੇ ਜਿੱਤ ਦਰਜ ਕਰਨ ਲਈ ਕੋਈ ਕਸਰ ਨਹੀਂ ਛੱਡੇਗੀ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਦੀ ਟੀਮ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਮੁਹਾਲੀ ਪਹੁੰਚ ਗਈ ਹੈ। ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਅਭਿਆਸ ਨਹੀਂ ਕੀਤਾ, ਪਰ ਮੈਚ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਪੰਜਾਬ ਦੀ ਟੀਮ ਨੇ ਜੈਪੁਰ ਵਿੱਚ ਹੋਏ ਪਹਿਲੇ ਮੈਚ ਵਿੱਚ ਮੇਜ਼ਬਾਨ ਰਾਜਸਥਾਨ ਰੌਇਲਜ਼ ਨੂੰ 14 ਦੌੜਾਂ ਨਾਲ ਹਰਾਇਆ ਸੀ, ਜਦੋਂਕਿ ਕਲਕੱਤਾ ਵਿੱਚ ਮੇਜ਼ਬਾਨ ਕਲਕੱਤਾ ਨਾਈਟ ਰਾਈਡਰਜ਼ ਤੋਂ 28 ਦੌੜਾਂ ਨਾਲ ਹਾਰ ਗਈ ਸੀ। ਆਈਪੀਐਲ ਦੀ ਤਿੰਨ ਵਾਰ ਚੈਂਪੀਅਨ ਰਹੀ ਮੁੰਬਈ ਇੰਡੀਅਨਜ਼ ਦੀ ਟੀਮ ਆਪਣੇ ਘਰੇਲੂ ਗਰਾਊਂਡ ਮੁੰਬਈ ਵਿੱਚ ਦਿੱਲੀ ਕੈਪੀਟਲਜ਼ ਤੋਂ 37 ਦੌੜਾਂ ਨਾਲ ਹਾਰ ਗਈ ਸੀ। ਦੂਜੇ ਮੈਚ ਵਿੱਚ ਉਸ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰੌਇਲ ਚੈਲੰਜਰਜ਼ ਬੰਗਲੌਰ ਨੂੰ ਬੰਗਲੌਰ ਵਿੱਚ ਛੇ ਦੌੜਾਂ ਨਾਲ ਹਰਾਇਆ ਸੀ।
Sports ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਟੱਕਰ ਅੱਜ