ਸਕਾਰਾਤਮਕ ਸੋਚ ਹਮੇਸ਼ਾਂ ਮਨੁੱਖ ਨੂੰ ਸੱਚਾਈ ਦੇ ਪੰਧ ਉੱਪਰ ਚੱਲਣ ਦਾ ਬਲ ਬਖਸ਼ਦੀ ਹੈ। ਸਕਾਰਾਤਮਕ ਸੋਚ ਦੀ ਹੋਂਦ ਬਰਕਰਾਰ ਰੱਖਣ ਲਈ ਮਨੁੱਖੀ ਦਿਮਾਗ ਤਾਂ ਹੀ ਕਾਰਗਰ ਸਾਬਤ ਹੁੰਦਾ ਹੈ ਜੇਕਰ ਅਸੀਂ ਖੁਦ ਆਪਣੇ ਆਪ ਨੂੰ ਮੱਕਾਰੀ ਅਤੇ ਵਿਕਾਰੀ ਪ੍ਰਵਿਰਤੀਆਂ ਵਾਲੇ ਇਨਸਾਨਾਂ ਤੋਂ ਦੂਰ ਰੱਖਾਂਗੇ। ਇਨਸਾਨੀ ਮਨੋਬਿਰਤੀ ਅਤੇ ਦਿਮਾਗੀ ਸੁਹਜ ਜਦੋਂ ਗਿਆਨਹੀਣ ਅਤੇ ਸੰਸਾਰਕ ਭੋਗ-ਵਿਲਾਸਾਂ ਵਿੱਚ ਗ੍ਰਸਤ ਇਨਸਾਨਾਂ ਦੀ ਸੰਗਤ ਦੇ ਅਸਰ ਹੇਠ ਆਉਂਦੀ ਹੈ ਤਾਂ ਉਸ ਦਾ ਪਰਿਮਾਣ ਸਵਰੂਪ ਆਪਣੇ ਅਕਸ ਨੂੰ ਬਦਲ ਕੇ ਭਾਵਨਾਤਮਕ ਪੱਧਰ ਤੇ ਸਾਹਮਣੇ ਆਉਣਾ ਸੁਭਾਵਿਕ ਵਰਤਾਰਾ ਹੈ। ਇਸੇ ਕਰਕੇ ਸਿਆਣਿਆਂ ਦਾ ਕਹਿਣਾ ਹੈ ਕਿ ਮਨੁੱਖ ਨੂੰ ਹਮੇਸ਼ਾਂ ਚੰਗੀ ਤੇ ਉੱਚੀ-ਸੁੱਚੀ ਸੋਚ ਦੇ ਮਾਲਕ ਇਨਸਾਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਮਨੁੱਖੀ ਦਿਮਾਗ ਵਿੱਚ ਹਰ ਵੇਲੇ ਸਕਾਰਾਤਮਕ ਅਤੇ ਨਕਾਰਾਤਮਕ ਸੋਚ ਦੀਆਂ ਤਰੰਗਾਂ ਪ੍ਰਵਾਹ ਚੱਲਦਾ ਰਹਿੰਦਾ ਹੈ ਜਿਸ ਦੇ ਫਲਸਰੂਪ ਮਨੁੱਖ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਚੰਗੇ ਅਤੇ ਮਾੜੇ ਕੰਮਾਂ ਦੀ ਰੁਚੀ ਪ੍ਰਤੀ ਸੁਚੇਤ ਹੁੰਦਾ ਰਹਿੰਦਾ ਹੈ।
ਇਨਸਾਨੀ ਦਿਮਾਗ ਵਿਸ਼ਵ-ਵਿਆਪੀ ਵਰਤਾਰੇ ਨੂੰ ਚਲਾ ਰਿਹਾ ਹੈ। ਹਰ ਦਿਮਾਗ ਦਾ ਕੰਮ ਪ੍ਰਤੀ ਨਜ਼ਰੀਆ ਵੱਖਰਾ ਹੁੰਦਾ ਹੈ। ਅਕਸਰ ਹੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਸੂਝਵਾਨ ਇਨਸਾਨ ਚੰਗੀ ਸੋਚ ਦੇ ਮਾਲਕ ਹੁੰਦੇ ਹਨ ਅਤੇ ਮੂਰਖ ਲੋਕ ਮਾੜੀ ਸੋਚ ਦੇ ਮਾਲਕ ਹੁੰਦੇ ਹਨ ਜਾਂ ਫਿਰ ਇਉਂ ਕਹਿ ਲਵੋ ਕਿ ਆਦਰਸ਼ ਪ੍ਰਵਿਰਤੀ ਦੇ ਮਨੁੱਖ ਸਕਾਰਾਤਮਕ ਸੋਚ ਦੇ ਧਨੀ ਮੰਨੇ ਜਾਂਦੇ ਹਨ ਪਰ ਇਸ ਦੇ ਉਲਟ ਵਿਕਾਰੀ ਪ੍ਰਵਿਰਤੀ ਵਾਲੇ ਮਨੁੱਖ ਨਕਾਰਾਤਮਕ ਸੋਚ ਦੇ ਪਿਤਾਮਾ ਕਹੇ ਜਾ ਸਕਦੇ ਹਨ। ਇੱਥੇ ਇਹ ਵੇਖਣਾ ਜ਼ਰੂਰੀ ਹੈ ਕਿ ਕੀ ਸਾਡੀ ਚੰਗੀ ਤੇ ਮਾੜੀ ਸੋਚ ਸਾਡੇ ਕਿਰਦਾਰ ਅਤੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਇੱਥੇ ਸਾਨੂੰ ਬਿਨਾਂ ਸੰਕੋਚ ਦੇ ਹਾਂ ਕਹਿਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਹੋਣੀ ਚਾਹੀਦੀ। ਕਿਉਂਕਿ ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਸਾਡੀ ਸੋਚ ਸਾਡੇ ਆਦਰਸ਼ਾਂ, ਸਾਡੇ ਜੀਵਨ ਅਤੇ ਸਾਡੇ ਕਿਰਦਾਰ ਨੂੰ ਪ੍ਰਭਾਵਿਤ ਕਰਦੀ ਹੈ।
ਅਹਿਮ ਸਵਾਲ ਇਹ ਹੈ ਕਿ ਕਿਸ ਇਨਸਾਨ ਦੀ ਸੋਚ ਸਕਾਰਾਤਮਕ ਹੈ ਅਤੇ ਕਿਸ ਦੀ ਨਕਾਰਾਤਮਕ ਹੈ ਇਸ ਦਾ ਅੰਦਾਜ਼ਾ ਕਿਵੇਂ ਲੱਗ ਸਕਦਾ ਹੈ? ਇਸ ਸਵਾਲ ਦਾ ਜਵਾਬ ਆਸਾਨੀ ਨਾਲ ਨਹੀਂ ਦਿੱਤਾ ਜਾ ਸਕਦਾ। ਹਾਂ, ਪਰ ਇੱਕ ਸੂਝਵਾਨ, ਵਿਵੇਕਸ਼ੀਲ ਅਤੇ ਬੁੱਧੀਮਾਨ ਇਨਸਾਨ ਕਿਸੇ ਵੀ ਇਨਸਾਨ ਦੇ ਆਚਾਰ-ਵਿਹਾਰ ਅਤੇ ਉਸ ਦੁਆਰਾ ਕੀਤੇ ਜਾਂਦੇ ਕੰਮਾਂ-ਕਾਜਾਂ ਨੂੰ ਤੇਜੀ ਨਾਲ ਨਿਰਖ-ਪਰਖ ਕੇ ਉਸ ਦੀ ਸੋਚ ਦੀ ਦਸ਼ਾ ਦਾ ਸਹਿਜੇ ਹੀ ਅਨੁਮਾਨ ਲਗਾ ਸਕਦਾ ਹੈ। ਇੱਥੇ ਇੱਕ ਹੋਰ ਪਹਿਲੂ ਵੀ ਅਹਿਮ ਹੈ ਕਿ ਜਿਹੜਾ ਇਨਸਾਨ ਕਾਮ, ਕ੍ਰੋਧ, ਲੋਭ ਮੋਹ, ਹੰਕਾਰ, ਈਰਖਾ ਅਤੇ ਦਵੈਤ ਆਦਿ ਨਾਲ ਹਰ ਵਕਤ ਆਪਣੇ ਦਿਮਾਗ ਨੂੰ ਲਬਰੇਜ਼ ਰੱਖਦੇ ਹਨ ਅਸੀਂ ਉਨ੍ਹਾਂ ਦੇ ਦਿਮਾਗ ਵਿੱਚ ਸਕਾਰਾਤਮਕ ਸੋਚ ਦੇ ਬਿੰਦੂ ਦੀ ਉਪਜ ਦੀ ਕਲਪਨਾ ਵੀ ਨਹੀਂ ਕਰ ਸਕਦੇ। ਜੇਕਰ ਇਨਸਾਨ ਧਰਤੀ ਤੇ ਰਹਿ ਰਹੇ ਜੀਵ-ਜੰਤੂਆਂ ਦੇ ਮਨੋਭਾਵਾਂ ਅਤੇ ਜ਼ਰੂਰਤਾਂ ਨੂੰ ਨਹੀਂ ਸਮਝ ਪਾ ਰਿਹਾ ਤਾਂ ਉਹ ਇੱਥੇ ਕਿਸੇ ਹੋਰ ਨੂੰ ਦੋਸ਼ ਨਾ ਦੇਵੇ ਕਿਉਂਕਿ ਇਹ ਸਿਰਫ ਉਸ ਦੀ ਦਿਮਾਗੀ ਪ੍ਰਵਿਰਤੀ ਦੇ ਕਾਰਨ ਹੀ ਹੋ ਰਿਹਾ ਹੈ। ਪੜ੍ਹਾਈ, ਲਿਖਾਈ, ਤਜ਼ਰਬਾ ਅਤੇ ਬੁੱਧੀਮਾਨ ਲੋਕਾਂ ਦੀ ਸੰਗਤ ਤੁਹਾਡੀ ਸੋਚ ਦੀ ਤਸਵੀਰ ਬਦਲਣ ਵਿੱਚ ਹਮੇਸ਼ਾ ਸਹਾਇਕ ਸਿੱਧ ਹੁੰਦੀ ਰਹੀ ਹੈ ਅਤੇ ਅਗਾਂਹ ਵੀ ਇਹ ਸ੍ਰੋਤ ਆਪਣਾ ਕੰਮ ਨਿਰੰਤਰ ਪ੍ਰਵਾਹ ਵਿੱਚ ਜਾਰੀ ਰੱਖਣਗੇ।
ਆਧੁਨਿਕ ਯੁੱਗ ਵਿੱਚ ਜ਼ਿਆਦਾਤਰ ਨੌਜਵਾਨ ਪੀੜ੍ਹੀ ਜਿੱਥੇ ਸੂਝਵਾਨ ਅਤੇ ਵਿਦਵਾਨ ਸਾਬਤ ਹੋ ਰਹੀ ਹੈ ਉੱਥੇ ਹੀ ਇਸ ਪੀੜ੍ਹੀ ਦਾ ਕੁਝ ਹਿੱਸਾ ਪਿਛਲੱਗ ਹਿੰਸਾਵਾਦੀ ਗੈਰ-ਸੰਵਿਧਾਨਿਕ ਅਤੇ ਅਤਿਆਚਾਰੀ ਪ੍ਰਵਿਰਤੀਆਂ ਦਾ ਧਾਰਨੀ ਹੋ ਨਿਬੜਿਆ ਹੈ। ਸਮਾਜ ਵਿੱਚ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੀ ਸੋਚ ਦੇ ਤੱਤ ਸਰੂਪ ਵਰਗ ਦੇ ਲੋਕ ਵਾਸ ਕਰ ਰਹੇ ਹਨ। ਕਿਸ ਮੋੜ ਤੇ ਤੁਹਾਨੂੰ ਕਿਹੜੀ ਸੋਚ ਦਾ ਮਾਲਕ ਇਨਸਾਨ ਟੱਕਰਦਾ ਹੈ ਇਸ ਦਾ ਅਨੁਮਾਨ ਲਗਾਉਣ ਲਈ ਤੁਹਾਨੂੰ ਆਪਣੇ ਵਿਵੇਕ ਤੋਂ ਕੰਮ ਲੈਣਾ ਪਵੇਗਾ। ਸਮਾਜ ਵਿੱਚ ਫੈਲੀਆਂ ਬੁਰਾਈਆਂ ਦੀ ਜੜ੍ਹ ਸ਼ਰਾਰਤੀ ਅਨਸਰ ਹੁੰਦੇ ਹਨ ਇਨ੍ਹਾਂ ਦੀ ਸੋਚ ਕਦੇ ਵੀ ਸਕਾਰਾਤਮਕ ਪ੍ਰਵਿਰਤੀ ਵਾਲੀ ਨਹੀਂ ਹੋ ਸਕਦੀ ਕਿਉਂਕਿ ਇਨ੍ਹਾਂ ਦਾ ਵਾਹ-ਵਾਸਤਾ ਸਾਰਾ ਦਿਨ ਵਿਕਾਰੀ ਅਤੇ ਗਿਆਨਹੀਣ ਪ੍ਰਵਿਰਤੀ ਵਾਲੇ ਲੋਕਾਂ ਨਾਲ ਹੀ ਹੁੰਦਾ ਹੈ ਪ੍ਰੰਤੂ ਕਿਤੇ ਨਾ ਕਿਤੇ ਕਈ ਵਾਰ ਅਜਿਹੀ ਉਦਾਹਰਣ ਵੀ ਸਮਾਜ ਵਿੱਚ ਵੇਖਣ ਨੂੰ ਮਿਲੀ ਹੈ ਕਿ ਤੀਬਰ ਨਕਾਰਾਤਮਕ ਸੋਚ ਵਾਲੇ ਮਨੁੱਖ ਜਦੋਂ ਕਿਸੇ ਭਲੇ ਪੁਰਸ਼ ਦੀ ਸੰਗਤ ਵਿੱਚ ਆਉਂਦੇ ਹਨ ਤਾਂ ਉਹ ਪਲਾਂ ਵਿੱਚ ਹੀ ਸਕਾਰਾਤਮਕ ਸੋਚ ਦੇ ਆਦੀ ਹੋ ਜਾਂਦੇ ਹਨ ਜਿਸ ਦੇ ਫਲਸਰੂਪ ਉਹ ਮਾੜੇ ਕੰਮਾਂ ਨੂੰ ਛੱਡ ਕੇ ਆਪਣੇ ਜੀਵਨ ਨੂੰ ਸੰਵਾਰ ਲੈਂਦੇ ਹਨ।
ਅਜੋਕਾ ਬੁੱਧੀਜੀਵੀ ਵਰਗ ਇਸ ਗੱਲ ਉੱਤੇ ਬਹੁਤ ਜ਼ੋਰ ਦੇ ਰਿਹਾ ਹੈ ਕਿ ਅੱਜ ਦੇ ਸਮਾਜ ਦੀ ਸੋਚ ਨੂੰ ਸਕਾਰਾਤਮਕ ਰੱਖਣ ਲਈ ਕੀ ਉਪਰਾਲੇ ਕੀਤੇ ਜਾਣ ਅਤੇ ਕਿਸ ਤਰ੍ਹਾਂ ਨਾਲ ਕਿਸੇ ਇਨਸਾਨੀ ਦਿਮਾਗ ਵਿੱਚ ਸਕਾਰਾਤਮਕ ਸੋਚ ਦੀ ਉਪਜ ਸੰਭਵ ਹੋ ਸਕਦੀ ਹੈ। ਇਸ ਸਮੇਂ ਨਕਾਰਾਤਮਕ ਸੋਚ ਨੇ ਹਰ ਇੱਕ ਮਨੁੱਖ ਨੂੰ ਇੱਕ ਦੂਜੇ ਤੋਂ ਵੱਧ ਸ਼ਕਤੀਸ਼ਾਲੀ ਹੋਣ ਦਾ ਹੰਕਾਰ ਕਰਵਾਇਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਸੇ ਪ੍ਰਵਿਰਤੀ ਨਾਲ ਦੁਨੀਆ ਦਾ ਅੰਤ ਹੁੰਦਾ ਅਸੀਂ ਆਪਣੀਆਂ ਅੱਖਾਂ ਨਾਲ ਵੇਖਾਂਗੇ। ਨਕਾਰਾਤਮਕ ਸੋਚ ਨੇ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ। ਸਮਾਜਿਕ, ਧਾਰਮਿਕ, ਰਾਜਨੀਤਕ ਸਾਰੇ ਵਰਗ ਹੀ ਇਸ ਪ੍ਰਵਿਰਤੀ ਤੋਂ ਅਛੂਤੇ ਨਹੀਂ ਰਹਿ ਸਕੇ। ਨਕਾਰਾਤਮਕ ਸੋਚ ਦੇ ਧਾਰਨੀ ਮਨੁੱਖ ਹੰਕਾਰੀ, ਵਿਹਲੜ ਅਤੇ ਆਲਸੀ ਹੁੰਦੇ ਹਨ। ਅਜਿਹੇ ਮਨੁੱਖਾਂ ਦੀ ਸੰਗਤ ਮਾੜੀ ਸੰਗਤ ਅਖਵਾਉਂਦੀ ਹੈ। ਨਕਾਰਾਤਮਕ ਸੋਚ ਦੇ ਧਾਰਨੀ ਮਨੁੱਖ ਨਾਸਤਿਕ ਹੁੰਦੇ ਹਨ ਉਹ ਪ੍ਰਮਾਤਮਾ ਦੀ ਹੋਂਦ ਉੱਪਰ ਵੀ ਯਕੀਨ ਨਹੀਂ ਰੱਖਦੇ। ਦੂਜੇ ਪਾਸੇ ਜੇਕਰ ਸਕਾਰਾਤਮਕ ਸੋਚ ਦੇ ਮਨੁੱਖਾਂ ਦੀ ਗੱਲ ਕਰੀਏ ਤਾਂ ਉਹ ਮਨੁੱਖ ਬਹੁਤ ਹੀ ਮਿਹਨਤੀ, ਇਮਾਨਦਾਰ ਅਤੇ ਦਿਆਨਤਦਾਰੀ ਦੀ ਭਾਵਨਾ ਨਾਲ ਭਰੇ ਪਏ ਹੁੰਦੇ ਹਨ ਅਤੇ ਉਨ੍ਹਾਂ ਦਾ ਪ੍ਰਮਾਤਮਾ ਉੱਪਰ ਪੂਰਨ ਵਿਸ਼ਵਾਸ ਹੁੰਦਾ ਹੈ।
ਵਿਦਿਆਰਥੀ ਵਰਗ ਹੋਵੇ ਜਾਂ ਕਰਮਚਾਰੀ ਵਰਗ ਹਰ ਥਾਂ ਈਰਖਾ ਦੇਖਣ ਨੂੰ ਮਿਲ ਰਹੀ ਹੈ ਅਸਲ ਵਿੱਚ ਇਸ ਈਰਖਾ ਦਾ ਸ੍ਰੋਤ ਸਾਡੇ ਮਨਾਂ ਅੰਦਰ ਘਰ ਕਰਕੇ ਬੈਠੀ ਮਾੜੀ ਸੋਚ ਜਾਂ ਫਿਰ ਨਕਾਰਾਤਮਕ ਸੋਚ ਹੀ ਹੈ। ਜਦੋਂ ਕਿਸੇ ਵਿਦਿਆਰਥੀ ਦਾ ਮਨ ਪੜ੍ਹਾਈ ਨਾਲੋਂ ਜ਼ਿਆਦਾ ਬੁਰੇ ਕੰਮਾਂ ਵਿੱਚ ਲੱਗੇ ਅਤੇ ਜਦੋਂ ਕਰਮਚਾਰੀਆਂ ਦਾ ਆਪਸ ਵਿੱਚ ਵੈਰ-ਭਾਵ ਨਾਲ ਕੰਮ ਕਰਨਾ ਵੇਖੀਏ ਤਾਂ ਇਹ ਕਹਿਣਾ ਆਸਾਨ ਹੈ ਕਿ ਇਹ ਸਭ ਨਕਾਰਾਤਮਕ ਸੋਚ ਤੋਂ ਪ੍ਰਭਾਵਿਤ ਹੋਏ ਹੁੰਦੇ ਹਨ। ਨਕਾਰਾਤਮਕ ਸੋਚ ਕਾਰਨ ਦਿਮਾਗ ਦੀ ਸੋਚਣ ਸ਼ਕਤੀ ਦਾ ਦਾਇਰਾ ਵਿਸ਼ਾਲ ਹੋਣ ਦੀ ਥਾਂ ਸੁੰਗੜ ਜਾਂਦਾ ਹੈ ਅਤੇ ਮਨੁੱਖ ਵਿੱਚ ਵਿਵੇਕ ਅਤੇ ਤਰਕ ਦੀ ਦ੍ਰਿਸ਼ਟੀ ਤੋਂ ਕੰਮ ਲੈਣ ਦੀ ਸਮਰੱਥਾ ਘੱਟ ਜਾਂਦੀ ਹੈ। ਇਸ ਲਈ ਸਾਨੂੰ ਹਰ ਸਮੇਂ ਸਕਾਰਾਤਮਕ ਸੋਚਣਾ ਚਾਹੀਦਾ ਹੈ ਤਾਂ ਜੋ ਅਸੀਂ ਸਮਾਜ ਵਿੱਚ ਰਹਿੰਦੇ ਹੋਰ ਲੋਕਾਂ ਲਈ ਵੀ ਚੰਗੀ ਸੋਚ ਪੈਦਾ ਕਰਨ ਦਾ ਜ਼ਰੀਆ ਬਣ ਸਕੀਏ। ਇਸ ਸਮੇਂ ਸਮੁੱਚੇ ਵਿਸ਼ਵ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਅਤੇ ਵੱਧ ਸ਼ਕਤੀਸ਼ਾਲੀ ਹੋਣ ਦੀ ਪ੍ਰਵਿਰਤੀ ਨੂੰ ਛੱਡ ਕੇ ਸਾਨੂੰ ਸਾਰਿਆਂ ਨੂੰ ਸਕਾਰਾਤਮਕ ਸੋਚ ਦੇ ਧਾਰਨੀ ਬਣ ਕੇ ਇੱਕ-ਸਮਾਨ ਹੋ ਕੇ ਰਹਿਣ ਅਤੇ ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਹੋਰ ਗੂੜ੍ਹਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਕਿਤੇ ਵਿਕਾਸ ਦੀ ਇਸ ਦੌੜ ਵਿੱਚ ਦੌੜਦੇ-ਦੌੜਦੇ ਅਸੀਂ ਆਪਣੇ ਅਸਲੀ ਮਾਨਵੀ ਸਰੋਕਾਰਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਾ ਭੁੱਲ ਬੈਠੀਏ।
– ਮਨਪ੍ਰੀਤ ਕੌਰ ਚੰਬਲ