ਕੁਰਾਲੀ (ਸਮਾਜ ਵੀਕਲੀ) : ਕੇਂਦਰ ਸਰਕਾਰ ਖ਼ਿਲਾਫ਼ ਸ਼ੁਰੂ ਹੋਇਆ ਕਿਸਾਨ ਸੰਘਰਸ਼ ਇਲਾਕੇ ਵਿੱਚ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਸੋਲਖੀਆਂ ਦੇ ਟੌਲ ਪਲਾਜ਼ਾ ਉਤੇ ਰੋਸ ਧਰਨਾ ਲਗਾ ਕੇ ਕਿਸਾਨ ਜਥੇਬੰਦੀਆਂ ਨੇ ਅੱਜ ਟੌਲ ਪਲਾਜ਼ਾ ਤੋਂ ਆਮ ਲੋਕਾਂ ਨੂੰ ਬਗੈਰ ਪਰਚੀ ਦੇ ਲੰਘਾਇਆ।
ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਪੰਚਾਇਤਾਂ ਵਲੋਂ ਸੋਲਖੀਆਂ ਦੇ ਟੌਲ ਪਲਾਜ਼ਾ ਉਤੇ ਸ਼ੁਰੂ ਕੀਤੇ ਰੋਸ ਧਰਨੇ ਦੇ 10ਵੇਂ ਦਿਨ ਅੱਜ ਕਿਸਾਨਾਂ ਤੇ ਪੰਚਾਇਤਾਂ ਦਾ ਭਰਵਾਂ ਇਕੱਠ ਹੋਇਆ। ਇਸ ਦੌਰਾਨ ਖੇਤੀ ਸੁਧਾਰ ਕਾਨੂੰਨ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਨੇ ਅੱਜ ਟੌਲ ਪਲਾਜ਼ਾ ਘੇਰ ਲਿਆ ਅਤੇ ਟੌਲ ਪਰਚੀਆਂ ਕੱਟਣੀਆਂ ਬੰਦ ਕਰਵਾ ਦਿੱਤੀਆਂ। ਰੋਸ ਧਰਨੇ ਨੂੰ ਨਰਿੰਦਰ ਸਿੰਘ ਕੰਗ, ਮੋਹਨ ਸਿੰਘ,ਗੁਰਨਾਮ ਸਿੰਘ ਜੱਸੜਾਂ, ਗੁਰਮੇਲ ਸਿੰਘ ਬਾੜਾ, ਨਰਿੰਦਰ ਸਿੰਘ ਸੀਹੋਂਮਾਜਰਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਕੰਗਾਲ ਕਰਨ ਦੇ ਰਾਹ ਪਈ ਹੋਈ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲੋਕਾਂ ਦੀ ਟੌਲ ਪਲਾਜ਼ਿਆਂ ਅਤੇ ਹੋਰ ਰੂਪਾਂ ਵਿੱਚ ਲੁੱਟ ਹੋ ਰਹੀ ਹੈ। ਸਰਕਾਰ ਹੁਣ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਕਿਸਾਨੀ ਨੂੰ ਕੰਗਾਲ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੀ ਵਾਗਡੋਰ ਸੌਂਪਣ ਜਾ ਰਹੀ ਹੈ। ਹੋਰਨਾਂ ਆਗੂਆਂ ਨੇ ਖੇਤੀ ਸੁਧਾਰ ਕਾਨੂੰਨ ਦਾ ਸਖ਼ਤ ਵਿਰੋਧ ਕਰਦਿਆਂ ਕਾਨੂੰਨ ਵਾਪਸ ਲਏ ਜਾਣ ਤੱਕ ਸੰਘਰਸ਼ ਜਾਰੀ ਰੱਖਣ ਅਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।
ਨਰਿੰੰਦਰ ਸਿੰਘ ਕੰਗ ਅਤੇ ਹੋਰਨਾਂ ਨੇ ਦੱਸਿਆ ਕਿ ਸੋਖਲੀਆਂ ਦੇ ਟੌਲ ਪਲਾਜ਼ਾ ਉਤੇ ਸ਼ੁਰੂ ਕੀਤੇ ਕਿਸਾਨ ਸੰਘਰਸ਼ ਨੂੰ ਹਰ ਵਰਗਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।