ਕਿਸਾਨ ਮੋਰਚੇ ਵੱਲੋਂ ਦਿੱਲੀ ਪੁਲੀਸ ਤੋਂ ਸੜਕ ਖੋਲ੍ਹਣ ਦੀ ਮੰਗ

ਨਵੀਂ ਦਿੱਲੀ (ਸਮਾਜ ਵੀਕਲੀ) : ਕਿਸਾਨ ਆਗੂਆਂ ਨੇ ਸਿੰਘੂ ਬਾਰਡਰ ਮੋਰਚੇ ’ਤੇ ਕੌਮੀ ਮਾਰਗ-1 ਦਾ ਇੱਕ ਹਿੱਸਾ ਕਰੋਨਾ ਮਹਾਮਾਰੀ ਦੇ ਚੱਲਦਿਆਂ ਆਕਸੀਜਨ ਤੇ ਹੋਰ ਮੈਡੀਕਲ ਸੇਵਾਵਾਂ ਲਈ ਖੋਲ੍ਹ ਦਿੱਤਾ ਹੈ ਪਰ ਨਾਲ ਹੀ ਦੋਸ਼ ਲਾਇਆ ਕਿ ਦਿੱਲੀ ਪੁਲੀਸ ਵੱਲੋਂ ਹਾਲੇ ਤੱਕ ਸਿੰਘੂ ਹੱਦ ਦੇ ਇੱਕ ਪਾਸੇ ਦੇ ਬੈਰੀਕੇਡ ਨਹੀਂ ਖੋਲ੍ਹੇ ਗਏ। ਕਿਸਾਨਾਂ ਨੇ ਮਾਰਗ ਨੂੰ ਸਾਫ਼ ਵੀ ਕਰ ਦਿੱਤਾ ਹੈ। ਮੋਰਚੇ ਵੱਲੋਂ ਇਹ ਕਦਮ ਲੰਘੇ ਦਿਨੀਂ ਸੋਨੀਪਤ ਪ੍ਰਸ਼ਾਸਨ ਨਾਲ ਹੋਈ ਬੈਠਕ ਦੌਰਾਨ ਕੀਤੇ ਵਾਅਦੇ ਮੁਤਾਬਕ ਚੁੱਕਿਆ ਗਿਆ ਹੈ।

ਕਰੋਨਾ ਮਹਾਮਾਰੀ ਦੌਰਾਨ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ, ਆਕਸੀਜਨ ਤੇ ਹੋਰ ਮੈਡੀਕਲ ਸੇਵਾਵਾਂ ਦੀ ਘਾਟ ਕਾਰਨ ਨਾਗਰਿਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਸਾਨ ਪਹਿਲਾਂ ਹੀ ਸਿੰਘੂ ’ਤੇ ਇੱਕ ਪਾਸੇ ਸੜਕ ਨੂੰ ਖਾਲੀ ਕਰ ਚੁੱਕੇ ਹਨ ਤੇ ਅੱਜ ਇਸ ਦੀ ਸਫ਼ਾਈ ਵੀ ਕੀਤੀ ਗਈ। ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਹਾਲੇ ਦਿੱਲੀ ਪੁਲੀਸ ਵੱਲੋਂ ਬੈਰੀਕੇਡ ਨਹੀਂ ਹਟਾਏ ਗਏ। ਸੰਯੁਕਤ ਕਿਸਾਨ ਮੋਰਚਾ ਨੇ ਇੱਕ ਈਮੇਲ ਰਾਹੀਂ ਅਪੀਲ ਕੀਤੀ ਹੈ ਕਿ ਸੜਕ ਨੂੰ ਖੋਲ੍ਹਿਆ ਜਾਵੇ ਤਾਂ ਜੋ ਆਕਸੀਜਨ, ਐਂਬੂਲੈਂਸ ਤੇ ਹੋਰ ਜ਼ਰੂਰੀ ਸੇਵਾਵਾਂ ਸੁਚਾਰੂ ਢੰਗ ਨਾਲ ਚੱਲ ਸਕਣ।

ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਆਕਸੀਜਨ ਦੀ ਕੋਈ ਘਾਟ ਨਹੀਂ ਹੈ ਤੇ ਅਜਿਹੀ ਜਾਣਕਾਰੀ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਅਤੇ ਤਰਕਹੀਣ ਗੱਲ ਹੈ, ਜਦੋਂ ਸਰਕਾਰ ਨੇ ਸਰਕਾਰੀ ਮਸ਼ੀਨਰੀ ਤੇ ਸਿਸਟਮ ਨੂੰ ਨਿੱਜੀਕਰਨ ਰਾਹੀਂ ਬਰਬਾਦ ਕਰ ਦਿੱਤਾ ਹੈ ਅਤੇ ਨਾਗਰਿਕ ਸੜਕਾਂ-ਹਸਪਤਾਲਾਂ ਵਿੱਚ ਮਰ ਰਹੇ ਹਨ, ਉਹ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਟਿਕਰੀ ਬਾਰਡਰ ’ਤੇ ਟੀਕਾਕਰਨ ਤੇ ਹੋਰ ਜ਼ਰੂਰੀ ਸੇਵਾਵਾਂ ਲਈ ਕੈਂਪ ਲਗਾਇਆ ਗਿਆ ਹੈ। ਕਿਸਾਨ ਇੱਥੇ ਆ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਰਹੇ ਹਨ। ਸਿੰਘੂ ਮੋਰਚੇ ’ਤੇ ਵੀ ਅੱਜ ਕਿਸਾਨਾਂ ਨੂੰ ਮਾਸਕ ਵੰਡੇ ਗਏ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿਡ- 19 ਦੀ ਦੂਜੀ ਲਹਿਰ ਨੇ ਮੁਲਕ ਨੂੰ ਹਿਲਾ ਦਿੱਤਾ ਹੈ: ਮੋਦੀ
Next articleਲੋਕਾਂ ਦੀ ਰੁਚੀ ‘ਕੋਵਿਡ ਕੀ ਬਾਤ’ ਸੁਣਨ ’ਚ, ‘ਮਨ ਕੀ ਬਾਤ’ ਨਹੀਂ: ਮਮਤਾ