ਜ਼ਿੰਦਗੀ ਦੇ ਪੰਜ ਦਹਾਕੇ ਹੰਢਾ ਚੁੱਕਿਆ ਹਾ,ਪੰਜ ਪੰਜ ਸਾਲਾਂ ਬਾਅਦ ਕਦੇ ਉੱਪਰ ਤੇ ਥੱਲੇ ਵਾਲੀਆਂ ਸਰਕਾਰਾਂ ਦੀਆਂ ਚੋਣਾਂ ਵੇਖਦਾ ਆ ਰਿਹਾ ਹਾਂ ਉੱਪਰ ਵਾਲੀ ਕਦੇ ਥੱਲੇ ਵਾਲੀ ਸਰਕਾਰ ਦੀਆਂ ਬਲਦਾਂ ਦੀ ਜੋੜੀ ਤੇ ਤੱਕੜੀ ਚੋਣ ਨਿਸ਼ਾਨ ਤੋਂ ਸ਼ੁਰੂ ਹੋਇਆ ਵਿੱਚ ਕੰਵਲ ਦਾ ਫੁੱਲ ਵੀ ਆ ਗਿਆ ਪਰ ਪਾਰਟੀਆਂ ਬਦਲ ਦੀਆਂ ਚੋਣ ਨਿਸ਼ਾਨ ਵੀ ਥੋੜ੍ਹੇ ਬਹੁਤ ਬਦਲਦੇ ਰਹੇ ਨੀਤੀਆਂ ਇਕੋ ਹੀ ਹਨ, ਬਾਣੇ ਬਦਲ ਜਾਂਦੇ ਹਨ ਪੱਗਾਂ ਨੀਲੀਆਂ ਚਿੱਟੀਆਂ ਤੇ ਕਾਲੀਆਂ ਹਰ ਕੋਈ ਕੁਰਸੀ ਤੇ ਬੈਠ ਕੇ ਭਗਵਾਨ ਬਣ ਜਾਂਦਾ ਹੈ ਵੋਟਰ ਉਨ੍ਹਾਂ ਲਈ ਕੁਝ ਵੀ ਨਹੀਂ।
ਸੱਤਰ ਵੇਂ ਦਹਾਕੇ ਵਿਚ ਇਨਕਲਾਬੀ ਲਹਿਰ ਚੋਂ ਕਮਿਊਨਿਸਟ ਪਾਰਟੀ ਦਾ ਜਨਮ ਹੋਇਆ ਜਿਸ ਵਿਚ ਮੁੱਖ ਪੜ੍ਹੇ ਲਿਖੇ ਤੇ ਉੱਚੀ ਸੋਚ ਵਾਲੇ ਨੌਜਵਾਨ ਸਨ।ਕੁਰਸੀਆਂ ਕੇਂਦਰ ਦੀਆਂ ਹੋਣ ਜਾਂ ਰਾਜ ਸਰਕਾਰ ਦੀਆਂ ਮਿੱਤਰਤਾ ਨੀਤੀ ਨਾਲ ਪਾਰਟੀਆਂ ਬਦਲਦੀਆਂ ਰਹੀਆਂ ਉਨ੍ਹਾਂ ਨੂੰ ਤੀਸਰੀ ਧਿਰ ਕਿਵੇਂ ਹਜ਼ਮ ਹੋ ਸਕਦੀ ਸੀ। ਉਸ ਅਗਾਂਹ ਵਧੂ ਪਾਰਟੀ ਨੂੰ ਦੋਫਾੜ ਕਰ ਦਿੱਤਾ।ਵਾਪਿਸ ਇਕੱਠੇ ਨਾ ਹੋ ਜਾਣ ਤਾਂ ਕੁਰਸੀ ਪ੍ਰਾਪਤ ਪਾਰਟੀਆਂ ਕਦੇ ਕਿਸੇ ਧਿਰ ਨੂੰ ਕਦੇ ਕਿਸੇ ਧਿਰ ਨੂੰ ਆਪਣੇ ਨਾਲ ਲਾ ਲੈਂਦੀਆਂ ਸਨ ਨੌਜਵਾਨੀ ਸੋਚ ਨੂੰ ਤਾਲਾ ਮਾਰਨ ਦਾ ਤਰੀਕਾ ਸਥਾਪਤ ਪਾਰਟੀਆਂ ਦੇ ਨੇਤਾਵਾਂ ਨੂੰ ਚੰਗੀ ਤਰ੍ਹਾਂ ਪਤਾ ਸੀ।
ਨੌਜਵਾਨ ਪੀੜ੍ਹੀ ਕਿਤੇ ਫੇਰ ਉੱਭਰ ਕੇ ਕੋਈ ਪਾਰਟੀ ਨਾ ਖੜ੍ਹੀ ਕਰ ਦੇਵੇ ਇਸ ਲਈ ਜੋ ਕਾਲੇ ਦਿਨ ਅਸੀਂ ਦੇਖੇ ਹਨ ਉਹ ਰਾਜਨੀਤਕ ਪਾਰਟੀਆਂ ਦੀ ਹੀ ਦੇਣ ਹਨ।ਹੱਸਦੇ ਵਸਦੇ ਘਰ ਵਿਚੋਂ ਕੌਣ ਅਲੱਗ ਹੋਣਾ ਚਾਹੁੰਦਾ ਹੈ? ਆਪਣਾ ਦੇਸ ਵੀ ਘੁੱਗ ਵਸਦਾ ਸੀ ਗਵਾਂਢੀ ਮੁਲਕਾਂ ਦਾ ਨਾਮ ਵਰਤ ਕੇ ਜੋ ਕੁਝ ਹੋਇਆ ਉਸ ਨੂੰ ਭੁੱਲ ਜਾਣਾ ਹੀ ਚੰਗਾ ਹੈ।ਹੁਣ ਵੀ ਜਦੋਂ ਆਪਣੀਆਂ ਸਾਰਥਕ ਮੰਗਾਂ ਲੈ ਕੇ ਕੋਈ ਵੀ ਧਿਰ ਸਰਕਾਰ ਦੇ ਵਿਰੁੱਧ ਖੜ੍ਹੀ ਹੁੰਦੀ ਹੈ ਤਾ ਉਹ ਕਾਲੇ ਦਿਨ ਯਾਦ ਕਰਾ ਕੇ ਫਿਰ ਲੋਕਾਂ ਨੂੰ ਕਿਸੇ ਕੰਮ ਵਿੱਚ ਉਲਝਾਉਣਾ ਚਾਹੁੰਦੇ ਹਨ।
ਪੇਂਡੂ ਭਾਈਚਾਰਾ ਮਿਲ ਜੁਲ ਕੇ ਆਪਣੇ ਸਾਰੇ ਸ਼ੁਭ ਕੰਮ ਸਿਰੇ ਚੜ੍ਹਾਉਂਦਾ ਸੀ ਸਮਾਜਿਕ ਕੰਮ ਕਰਦੇ ਤੇ ਆਪਣੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਮਝੌਤੇ ਨਾਲ ਖ਼ੁਦ ਹੀ ਸਥਾਪਤ ਕਰ ਲੈਂਦੇ।ਰਾਜਨੀਤਕ ਪਾਰਟੀਆਂ ਨੇ ਇਲਾਕਾਈ ਤੇ ਸ਼ਹਿਰੀ ਪ੍ਰਧਾਨ ਬਣਾ ਕੇ ਸ਼ਹਿਰਾਂ ਤੇ ਪਿੰਡਾਂ ਨੂੰ ਖੱਖੜੀਆਂ ਕਰੇਲੇ ਕਰ ਦਿੱਤਾ,ਪੇਂਡੂ ਭਾਈਚਾਰੇ ਦਾ ਆਧਾਰ ਬਿਲਕੁਲ ਖ਼ਤਮ ਹੀ ਕਰ ਦਿੱਤਾ।ਪਿੰਡ ਦੀ ਪੰਚਾਇਤ ਤੋਂ ਇਲਾਵਾ ਵੀ ਹੋਰ ਵੀ ਕੋਈ ਛੋਟੀ ਮੋਟੀ ਚੋਣ ਰਾਜਨੀਤਕ ਪਾਰਟੀਆਂ ਆਪਣੇ ਤਰੀਕੇ ਨਾਲ ਲੜਨ ਲੱਗੀਆਂ ਪੇਂਡੂ ਸੱਭਿਆਚਾਰ ਦਾ ਅੰਤ ਹੋ ਗਿਆ।ਫਿਰ ਆਪਣੇ ਪ੍ਰਧਾਨਾਂ ਤੇ ਚੁਣੇ ਸਰਪੰਚਾਂ ਰਾਹੀਂ ਵੋਟ ਬੈਂਕ ਲਈ ਨਸ਼ਿਆਂ ਦਾ ਜਾਲ ਵਿਛਾ ਦਿੱਤਾ ਗਿਆ।
ਫੇਰ ਵੋਟ ਸਰਪੰਚ ਜਾਂ ਪ੍ਰਧਾਨ ਦੀ ਮਰਜ਼ੀ ਨਾਲ ਪੈਂਦੀ ਸੀ,ਪੰਜਾਬ ਦੇ ਜ਼ਿਲ੍ਹਾ ਪ੍ਰਸ਼ਾਸਨ ਉੱਤੇ ਉਸ ਇਲਾਕੇ ਦੇ ਐੱਮ.ਐੱਲ.ਏ ਐੱਮ.ਪੀ. ਹਾਰੇ ਉਮੀਦਵਾਰ ਜਿਸ ਨੂੰ ਇਲਾਕਾਈ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਉਨ੍ਹਾਂ ਦੇ ਇਸ਼ਾਰਿਆਂ ਤੇ ਸਾਰੇ ਕੰਮਕਾਰ ਹੁੰਦੇ ਹਨ।ਨਸ਼ਿਆਂ ਤੋਂ ਭੈੜੀ ਰਾਜਨੀਤਕ ਪੁੱਠ ਹੁੰਦੀ ਹੈ ਜਿਸ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਆਜ਼ਾਦੀ ਵੇਲੇ ਹੀ ਧਰਮ ਦਾ ਆਸਰਾ ਲੈ ਕੇ ਰਾਜਨੀਤਕ ਪਾਰਟੀਆਂ ਨੇ ਲੋਕਾਂ ਨੂੰ ਲੜਾਇਆ।
ਜਿਸ ਵਿਚੋਂ ਪਾਕਿਸਤਾਨ ਨਵਾਂ ਦੇਸ਼ ਹੋਂਦ ਵਿੱਚ ਆਇਆ।ਧਰਮ ਨਾਮ ਮੇਰੇ ਖਿਆਲ ਅਨੁਸਾਰ ਆਪਣੇ ਲੋਕਾਂ ਦੀ ਇੱਕ ਕਮਜ਼ੋਰੀ ਹੈ ਜੋ ਗੱਲ ਨਾ ਵੀ ਮੰਨਣੀ ਹੋਵੇ ਉਸ ਨੂੰ ਧਰਮ ਦਾ ਨਾਮ ਦੇ ਕੇ ਲਾਗੂ ਕਰਵਾ ਲਿਆ ਜਾਂਦਾ ਹੈ।ਰਾਜਨੀਤਕ ਪਾਰਟੀ ਦਾ ਚੋਣ ਨਿਸ਼ਾਨ ਤੱਕੜੀ ਬਾਬਾ ਨਾਨਕ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਵੋਟਾਂ ਬਟੋਰਦੇ ਰਹੇ ਜਦੋਂ ਵੀ ਵੋਟ ਬੈਂਕ ਢਿੱਲਾ ਪੈਂਦਾ ਨਜ਼ਰ ਆਉਂਦਾ ਤਾਂ ਪੰਥ ਨੂੰ ਖਤਰਾ ਕਹਿ ਕੇ ਆਪਣੇ ਹਾਲਾਤ ਨੂੰ ਮਜ਼ਬੂਤ ਕਰ ਲਿਆ ਜਾਂਦਾ।ਆਪਣੀ ਪੰਜਾਬੀਆਂ ਦੀ ਧਾਰਮਕ ਕਮਜ਼ੋਰੀ ਵੇਖ ਕੇ ਬਾਬਾ-ਵਾਦ ਚਾਲੂ ਹੋਇਆ ਤੇ ਜਨਤਾ ਨੂੰ ਕਿਵੇਂ ਲੁੱਟਿਆ ਤੇ ਕੁੱਟਿਆ ਇਹ ਸਾਡੇ ਸਮਝਣ ਦੀ ਗੱਲ ਹੈ।
ਬਾਬਾ ਵਾਦ ਵਿਚ ਸਭ ਕੁਝ ਗਲਤ ਹੁੰਦਾ ਸੀ ਕੋਈ ਗਲਤ ਕਾਰਵਾਈ ਹੋਣ ਤੇ ਪ੍ਰਸ਼ਾਸਨ ਵੱਲੋਂ ਕੋਈ ਆਸਰਾ ਨਹੀਂ ਮਿਲਦਾ ਸੀ।ਬਾਬ-ਵਾਦ ਤੇ ਡੇਰਾਵਾਦ ਰਾਜਨੀਤਕ ਪਾਰਟੀਆਂ ਦਾ ਬਹੁਤ ਭਾਰੀ ਵੋਟ ਬੈਂਕ ਸੀ।ਨੌਜਵਾਨ ਪੀੜ੍ਹੀ ਵਿੱਚੋਂ ਜੇ ਕੋਈ ਆਪਣੀ ਆਵਾਜ਼ ਬੁਲੰਦ ਕਰਦਾ ਸੀ ਤਾਂ ਉਸ ਲਈ ਚੇਅਰਮੈਨੀ ਤੇ ਹੋਰ ਅਹੁਦਿਆਂ ਲਈ ਰਸਤਾ ਖੋਲ੍ਹ ਦਿੱਤਾ ਜਾਂਦਾ ਆਵਾਜ਼ ਬੰਦ ਹੋਣੀ ਹੀ ਸੀ।ਕਿਸਾਨ ਤੇ ਮਜ਼ਦੂਰ ਦੁੱਖ ਭੋਗਦੇ ਭੋਗਦੇ ਸੱਤ ਦਹਾਕੇ ਹੰਢਾ ਗਏ।ਲੋਕਾਂ ਦੀ ਆਵਾਜ਼ ਨੂੰ ਨੱਥ ਪਾ ਕੇ ਰੱਖਣ ਲਈ ਪ੍ਰਧਾਨ ਤੇ ਸਰਪੰਚ ਗਿਰੀ ਨੇ ਮੁੱਖ ਰੋਲ ਅਦਾ ਕੀਤਾ।
ਗ੍ਰਾਂਟਾਂ ਦਾ ਮੀਂਹ ਵਰਸਾ ਦਿੱਤਾ ਜਾਂਦਾ ਉਹ ਕਿੱਥੇ ਖਰਚ ਹੋਇਆ ਜਾਂ ਨਹੀਂ ਲੋਕਾਂ ਨੂੰ ਇਸ ਦਾ ਕੁਝ ਪਤਾ ਨਹੀਂ ਲੱਗਦਾ ਸੀ।ਕੁਰਸੀ ਤੇ ਬੈਠੀ ਸਰਕਾਰ ਨੂੰ ਇਹ ਰਾਗ ਅਲਾਪਣ ਲਈ ਬਹੁਤ ਵਧੀਆ ਧੁਨ ਮਿਲ ਜਾਂਦੀ ਸੀ। ਪੰਜਾਬ ਦਾ ਮੁੱਖ ਕਿੱਤਾ ਤੇ ਆਧਾਰ ਖੇਤੀਬਾੜੀ ਹੈ ਕਿਸਾਨੀ ਵਰਗ ਹੀ ਸੂਬਾ ਸਰਕਾਰਾਂ ਨੇ ਤੇ ਸਾਡੀ ਕੁਰਸੀ ਹਮੇਸ਼ਾ ਬਣੀ ਰਹੇ ਉਸ ਸਬਸਿਡੀਆਂ ਤੇ ਭੀਖ ਰੂਪੀ ਕਈ ਸਕੀਮਾਂ ਚਾਲੂ ਕੀਤੀਆਂ।ਕਿਸਾਨਾਂ ਦੇ ਟਿਊਬਵੈੱਲਾਂ ਲਈ ਬਿਜਲੀ ਬਿੱਲ ਮੁਆਫ ਕਰ ਦਿੱਤੇ ਗਏ ਤੇ ਮਜ਼ਦੂਰ ਲੋਕਾਂ ਲਈ ਆਟਾ ਦਾਲ ਸਕੀਮ ਚਾਲੂ ਕੀਤੀ ਗਈ।ਇਹ ਦੋਨੋ ਖ਼ਾਸ ਸਕੀਮਾਂ ਸਨ ਇਸ ਦਾ ਕੀ ਫ਼ਾਇਦਾ ਤੇ ਕੀ ਨੁਕਸਾਨ ਹੋਇਆ ਹੈ ਆਪਾਂ ਸਾਰੇ ਜਾਣਦੇ ਹਾਂ।
ਬਿਜਲੀ ਕਾਰਪੋਰੇਸ਼ਨ ਨੂੰ ਸਬਸਿਡੀ ਦੀ ਬਣਦੀ ਰਕਮ ਪੰਜਾਬ ਸਰਕਾਰ ਨੇ ਕਦੇ ਵੀ ਸਹੀ ਰੂਪ ਵਿੱਚ ਨਹੀਂ ਦਿੱਤੀ ਪੰਜਾਬ ਵਿਚ ਬਿਜਲੀ ਦਾ ਤਕਨੀਕੀ ਢਾਂਚਾ ਬਿਲਕੁਲ ਖ਼ਰਾਬ ਹੋ ਗਿਆ।ਮਜ਼ਦੂਰ ਵਰਗ ਆਟਾ ਅਤੇ ਦਾਲ ਸਕੀਮ ਵਿਚ ਸਾਮਾਨ ਖ਼ਰਾ ਨਹੀਂ ਮਿਲਦਾ, ਪਰ ਫਿਰ ਵੀ ਮਜ਼ਦੂਰਾਂ ਨੂੰ ਕੰਮ ਦੇ ਵਿੱਚ ਸੁਸਤ ਕਰ ਦਿੱਤਾ ਗਿਆ।ਕਿਸਾਨੀ ਲਈ ਖਾਦ,ਬੀਜ,ਕੀੜੇਮਾਰ ਦਵਾਈਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਹ ਦਿਨੋਂ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ ਸਬਸਿਡੀ ਬਿਜਲੀ ਦੀ ਕੀ ਕਰੇਗੀ।ਮਜ਼ਦੂਰਾਂ ਦੇ ਬੱਚਿਆਂ ਲਈ ਪੜ੍ਹਾਈ ਤੇ ਨੌਕਰੀਆਂ ਦੀ ਜ਼ਰੂਰਤ ਹੈ।
ਉਸ ਵੱਲੋਂ ਸਰਕਾਰਾਂ ਬਿਲਕੁਲ ਮੂੰਹ ਮੋੜ ਗਈਆਂ ਆਟਾ ਤੇ ਦਾਲ ਵਕਤੀ ਸਕੀਮਾਂ ਹਨ ਇਸ ਨਾਲ ਗਰੀਬਾਂ ਦਾ ਭਵਿੱਖ ਰੋਸ਼ਨ ਨਹੀਂ ਕੀਤਾ ਜਾ ਸਕਦਾ।ਬੇਰੁਜ਼ਗਾਰੀ ਭੁੱਖਮਰੀ ਤੇ ਗੰਭੀਰ ਤਰ੍ਹਾਂ ਦੀਆਂ ਬਿਮਾਰੀਆਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ।ਆਜ਼ਾਦੀ ਤੋਂ ਬਾਅਦ ਲੋਕਰਾਜ ਵਿੱਚ ਸਾਡੀਆਂ ਬਣਦੀਆਂ ਸਰਕਾਰਾਂ ਜਨਤਾ ਨੂੰ ਸਬਜ਼ਬਾਗ ਵਿਖਾ ਕੇ ਕਿਵੇਂ ਕੁਰਸੀਆਂ ਦਾ ਆਨੰਦ ਮਾਣਦੀਆਂ ਰਹੀਆਂ ਇਹ ਸੀ ਕੁਝ ਕੁ ਕਹਾਣੀ ਬਾਕੀ ਆਪਾਂ ਸਾਰੇ ਜਾਣਦੇ ਹੀ ਹਾਂ।
ਇਤਿਹਾਸ ਗਵਾਹ ਹੈ ਜਿੰਨੇ ਵੀ ਭਾਰਤ ਵਿੱਚ ਇਨਕਲਾਬ ਉੱਠੇ ਹਨ ਉਸ ਦਾ ਮੁੱਢ ਪੰਜਾਬ ਵਿੱਚੋਂ ਬੰਨ੍ਹਿਆ ਜਾਂਦਾ ਹੈ।ਪਿਛਲੇ ਸੈਸ਼ਨ ਦੌਰਾਨ ਪਾਰਲੀਮੈਂਟ ਵਿਚ ਖੇਤੀ ਸਬੰਧੀ ਤਿੰਨ ਅਜਿਹੇ ਕਨੂੰਨ ਫਟਾਫਟ ਪੁੱਠੇ ਤਰੀਕੇ ਨਾਲ ਪਾਸ ਕਰ ਦਿੱਤੇ ਇਹ ਕਹਿ ਕੇ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਪਰ ਕਾਰਪੋਰੇਟ ਘਰਾਣਿਆਂ ਨੂੰ ਅਮੀਰ ਕਰਨ ਲਈ ਸਾਰਾ ਖੇਤੀ ਦਾ ਧੰਦਾ ਬੜੇ ਟੇਢੇ ਢੰਗ ਨਾਲ ਉਨ੍ਹਾਂ ਦੇ ਹੱਥ ਵਿੱਚ ਸੌਂਪ ਦਿੱਤਾ ਗਿਆ।
ਸਾਡੇ ਗੁਰੂਆਂ ਪੀਰਾਂ ਤੇ ਅਮੀਰ ਵਿਰਸੇ ਦੀ ਦੇਣ ਸਾਡੇ ਖ਼ੂਨ ਵਿੱਚ ਹੈ ਕਿ ਅਸੀਂ ਜ਼ੁਲਮ ਬਿਲਕੁਲ ਨਹੀਂ ਸਹਿ ਸਕਦੇ।ਖੇਤੀ ਦੇ ਕਾਲੇ ਕਾਨੂੰਨਾਂ ਸਬੰਧੀ ਕਿਸਾਨ ਅਤੇ ਮਜ਼ਦੂਰ ਮੋਢੇ ਨਾਲ ਮੋਢਾ ਜੋਡ਼ ਕੇ ਥਾਂ ਥਾਂ ਤੇ ਧਰਨੇ ਲਗਾਉਣ ਦਾ ਸਿਲਸਿਲਾ ਤੁਰੰਤ ਚਾਲੂ ਕਰ ਦਿੱਤਾ।ਕਿਸਾਨ ਯੂਨੀਅਨਾਂ ਛੋਟੇ ਜਿਹੇ ਪੰਜਾਬ ਵਿੱਚ ਇਕੱਤੀ ਦੀ ਗਿਣਤੀ ਇਕੱਠੇ ਹੋ ਕੇ ਇਕ ਪੱਧਰ ਤੇ ਖਡ਼੍ਹੇ ਨਾਅਰਾ ਬੁਲੰਦ ਕਰ ਰਹੇ ਹਨ, ਜਿੱਤ ਯਕੀਨੀ ਹੈ ਇਸ ਵਿੱਚ ਕੋਈ ਦੋ ਰਾਵਾਂ ਨਹੀਂ, ਹੁਣ ਸਾਰੀ ਦੁਨੀਆਂ ਦੇ ਸਾਹਮਣੇ ਹੈ।ਰਾਜਨੀਤਕ ਪਾਰਟੀਆਂ ਦਾ ਆਸਰਾ ਲੈਣ ਲਈ ਪਹਿਲਾਂ ਲੋਕ ਵਿਚਾਰੇ ਬਣ ਕੇ ਨੇਡ਼ੇ ਪਹੁੰਚਣ ਲਈ ਵੀ ਰਸਤਾ ਲੱਭਦੇ ਸਨ।
ਪ੍ਰਸ਼ਾਸਨ ਉੱਚ ਅਧਿਕਾਰੀਆਂ ਜਾਂ ਪੁਲੀਸ ਵਿਭਾਗ ਤੋਂ ਸਿੱਧੇ ਰੂਪ ਵਿੱਚ ਕੰਮ ਕਰਵਾਉਣਾ ਬਹੁਤ ਮੁਸ਼ਕਲ ਸੀ।ਉਸ ਲਈ ਰਾਜਨੀਤਕ ਪਾਰਟੀਆਂ ਜਾਂ ਇਨ੍ਹਾਂ ਦੇ ਸਾਜੇ ਹੋਏ ਜਥੇਦਾਰ ਤੇ ਪ੍ਰਧਾਨਾਂ ਦਾ ਆਸਰਾ ਲੈਣਾ ਪੈਂਦਾ ਸੀ।ਅੱਜ ਸਾਡਾ ਕਿਸਾਨ ਮਜ਼ਦੂਰ ਮੋਢੇ ਨਾਲ ਮੋਢਾ ਜੋੜ ਕੇ ਜਿਸ ਤਰ੍ਹਾਂ ਤੁਰਿਆ ਹੈ ਉਸ ਲਈ ਸਾਡੀ ਨੌਜਵਾਨ ਪੀੜ੍ਹੀ ਬੇਰੁਜ਼ਗਾਰ ਸਰਕਾਰੀ ਨੌਕਰੀ ਵਾਲੇ ਕਲਾਕਾਰ ਗਾਇਕ ਕਿਹੜਾ ਅਜਿਹਾ ਵਰਗ ਹੈ ਜੋ ਉਨ੍ਹਾਂ ਦੇ ਨਾਲ ਅੱਜ ਤੁਰ ਨਹੀਂ ਰਿਹਾ।ਪੂਰੇ ਭਾਰਤ ਦੀਆਂ ਕਿਸਾਨ ਤੇ ਮਜ਼ਦੂਰ ਪੰਜ ਸੌ ਜਥੇਬੰਦੀਆਂ ਅੱਜ ਸਾਡੇ ਨਾਲ ਜੁੜ ਕੇ ਖੜ੍ਹੀਆਂ ਹਨ ਕੀ ਕਾਰਨ ਹੈ ਕਦੇ ਕੁਝ ਸੋਚਿਆ ਹੈ?
ਇਸ ਦਾ ਮੁੱਖ ਆਧਾਰ ਹੈ ਬਾਬਾ ਨਾਨਕ ਦੀ ਦਿੱਤੀ ਹੋਈ ਸੋਚ ਕਿਰਤ ਕਰੋ ਤੇ ਵੰਡ ਛਕੋ।ਦਿੱਲੀ ਧਰਨਾ ਦੇਣ ਲਈ ਜਾਂਦੇ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਗੁਆਂਢੀ ਰਾਜ ਦੀ ਪੁਲੀਸ ਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਦਿੱਲੀ ਦੀ ਪੁਲੀਸ ਨੇ ਜੋ ਕੁਝ ਕੀਤਾ ਉਸ ਦਾ ਨਤੀਜਾ ਕਿਸਾਨਾਂ ਦੇ ਪੱਖ ਵਿੱਚ ਨਿਕਲਿਆ ਜਦੋਂ ਉਨ੍ਹਾਂ ਤੋਂ ਡੰਡੇ ਖਾ ਕੇ ਲੰਗਰ ਛਕਾਉਂਦੇ ਹੋਏ ਆਪਣੇ ਨੌਜਵਾਨਾਂ ਨੂੰ ਵਿਦੇਸ਼ੀ ਸਰਕਾਰਾਂ ਤੇ ਉੱਚ ਨੇਤਾਵਾਂ ਨੇ ਵੇਖਿਆ ਉਹ ਦੰਗ ਰਹਿ ਗਏ। ਸਰਕਾਰਾਂ ਨੇ ਕਿਸਾਨ ਮੋਰਚੇ ਨੂੰ ਤੋੜਨ ਲਈ ਘਟੀਆ ਤੋਂ ਘਟੀਆ ਸੋਚ ਤੇ ਨੀਤੀਆਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਅਤਿਵਾਦੀ ਖ਼ਾਲਿਸਤਾਨੀਆਂ ਦੀ ਮੋਹਰ ਲਗਾਉਣ ਲਈ ਅਨੇਕਾਂ ਕਲਾਕਾਰਾਂ ਨੇ ਵੀ ਸਹਿਯੋਗ ਦਿੱਤਾ।ਕੱਲ੍ਹ ਦਾ ਚੱਕਾ ਜਾਮ ਤੇ ਬੰਦ ਅੰਦੋਲਨ ਸੁੱਤੀ ਪਈ ਸਰਕਾਰ ਦੀਆਂ ਅੱਖਾਂ ਖੋਲ੍ਹ ਗਿਆ।
ਪੂਰੇ ਭਾਰਤ ਵਿੱਚ ਤਾਲਾਬੰਦੀ ਨੇ ਗੋਦੀ ਮੀਡੀਆ ਨੂੰ ਵੀ ਬੋਲਣ ਲਈ ਮਜਬੂਰ ਕਰ ਦਿੱਤਾ।ਗ੍ਰਹਿ ਮੰਤਰੀ ਨੂੰ ਰਾਤ ਨੂੰ ਕਿਸਾਨਾਂ ਨੂੰ ਬੁਲਾ ਕੇ ਮੀਟਿੰਗ ਕਰਨਾ ਇਹ ਕਿਸਾਨਾਂ ਦੀ ਉੱਚੀ ਸੋਚ ਦਾ ਹੀ ਆਧਾਰ ਹੈ ਜਿਹੜੇ ਇਕਮੁੱਠ ਤੇ ਸ਼ਾਂਤੀ ਨਾਲ ਆਪਣਾ ਹੱਕ ਮੰਗ ਰਹੇ ਹਨ।”ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ” ਬਾਬਾ ਨਾਨਕ ਨੇ ਬਾਬਰ ਦੇ ਤਸ਼ੱਦਦ ਲਈ ਰੱਬ ਨੂੰ ਕਿਹਾ ਸੀ ਉਹੀ ਕੁਝ ਅੱਜ ਸਾਡੇ ਨਾਲ ਹੋਇਆ।ਅਸੀਂ ਜ਼ੁਲਮ ਸਹਿੰਦੇ ਰਹੇ ਸ਼ਾਂਤੀ ਤੇ ਉੱਚੀ ਸੋਚ ਵਿੱਚੋਂ ਬੰਦ ਤੇ ਚੱਕਾ ਜਾਮ ਨੇ ਇਕ ਨਵਾਂ ਇਨਕਲਾਬ ਪੈਦਾ ਕੀਤਾ ਹੈ।ਰਾਜਨੀਤਕ ਪਾਰਟੀਆਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਟੇਜ ਤੇ ਦੋ ਸ਼ਬਦ ਬੋਲਣ ਲਈ ਰਸਤਾ ਕੋਈ ਦਿੰਦਾ ਨਹੀਂ ਨਵੇਂ ਤੋਂ ਨਵੇਂ ਤਰੀਕੇ ਤੇ ਝੀਥਾਂ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਪਹਿਲਾਂ ਵੀ ਰਾਜਨੀਤਕ ਪਾਰਟੀਆਂ ਮਿੱਤਰਚਾਰੀ ਦੇ ਸੰਗਠਨ ਬਣਾ ਕੇ ਸਰਕਾਰਾਂ ਦੀਆਂ ਹਿੱਸੇਦਾਰ ਬਣਦੀਆਂ ਆਈਆਂ ਹਨ ਆਪਾਂ ਨੂੰ ਲੁੱਟਦੀਆਂ ਤੇ ਕੁੱਟਦੀਆਂ ਆ ਰਹੀਆਂ ਹਨ।ਆਪਾਂ ਸਮਝਦੇ ਰਹੇ ਪਾਰਟੀਆਂ ਇਕੱਠੀਆਂ ਹੋ ਕੇ ਸਾਡੀ ਸੇਵਾ ਕਰ ਰਹੀਆਂ ਹਨ।ਰਾਜ ਨਹੀਂ ਸੇਵਾ ਦੇ ਨਾਅਰੇ ਲਗਾ ਕੇ ਸਾਡੀ ਸੇਵਾ ਨਹੀਂ ਬੇਵਕੂਫ ਬਣਾਇਆ ਗਿਆ। ਪਰ ਚੁੱਪ ਕਰਾਉਣ ਲਈ ਆਪਣੇ ਪਾਲਤੂ ਕੰਮ ਚਲਾਊ ਨੇਤਾ ਆਪਣੇ ਵਿੱਚ ਘੁੰਮਦੇ ਰਹਿੰਦੇ ਹਨ ਪਰ ਆਪਣੀਆਂ ਅੱਖਾਂ ਬੰਦ ਰਹਿੰਦੀਆਂ ਹਨ।
ਆਓ ਸੱਜਣੋਂ ਮਿੱਤਰੋ ਬੇਲੀਓ ਭੈਣੋ ਤੇ ਭਰਾਵੋ ਬਾਬਾ ਨਾਨਕ ਨੇ ਆਪਾਂ ਨੂੰ ਇੱਕ ਇਨਕਲਾਬੀ ਸੋਚ ਦਿੱਤੀ ਸੀ ਕਿਰਤ ਕਰਨਾ ਵੰਡ ਛਕਣਾ।ਖ਼ੁਦ ਹਲ ਚਲਾ ਕੇ ਖੇਤੀ ਕਰਦੇ ਰਹੇ ਸਿਧਾਂਤਕ ਰੂਪ ਵਿੱਚ ਆਪਾਂ ਨੂੰ ਵਖਾਇਆ ਪੈਦਾਵਾਰ ਲੋਕਾਂ ਵਿੱਚ ਵੰਡ ਕੇ ਖਾਂਦੇ ਸਨ।ਉਨ੍ਹਾਂ ਦੇ ਬਾਪੂ ਜੀ ਨੇ ਵੀਹ ਰੁਪਏ ਦੇ ਕੇ ਦੁਕਾਨਦਾਰੀ ਕਰਨ ਲਈ ਭੇਜਿਆ ਸੀ ਪਰ ਸੋਚ ਵਿਚੋਂ ਨਿਕਲਿਆ ਲੰਗਰ ਜੋ ਅੱਜ ਤਕ ਹਰ ਸੁਖ ਤੇ ਦੁੱਖ ਦੀ ਘੜੀ ਸਾਡੇ ਨਾਲ ਜੁਡ਼ਿਆ ਉਨ੍ਹਾਂ ਦਾ ਹੀ ਸਿਧਾਂਤ ਹੈ।ਬਾਬਾ ਨਾਨਕ ਦੀ ਚੱਲੀ ਲਹਿਰ ਨੂੰ ਪੰਜ ਸੌ ਇਕਵੰਜਾ ਸਾਲ ਹੋ ਚੁੱਕੇ ਹਨ।
ਸਰਕਾਰ ਤਾ ਧਾਰਮਿਕ ਸਥਾਨਾਂ ਦੇ ਰਸਤੇ ਖੋਲ੍ਹ ਕੇ ਫਿਰ ਸਾਨੂੰ ਬਾਬਾ ਨਾਨਕ ਦੇ ਸਿਧਾਂਤ ਨੂੰ ਧਰਮ ਹੀ ਬਣਾਉਣਾ ਲੋਚਦੀਆਂ ਹਨ।ਉਨ੍ਹਾਂ ਨੇ ਸਾਨੂੰ ਸਿੱਖ ਬਣਾਇਆ ਸੀ ਜਿਸ ਵਿੱਚ ਜਾਤ ਪਾਤ ਧਰਮ ਕੋਈ ਚੀਜ਼ ਨਹੀ ਆਪਾਂ ਸਿੱਖਦੇ ਸਿੱਖਦੇ ਅੱਜ ਇਕੱਠੇ ਹੋ ਕੇ ਖੜ੍ਹੇ ਹਾਂ।ਰਾਜਨੀਤਕ ਪਾਰਟੀਆਂ ਆਪਣੇ ਦਿਲ ਵਿੱਚੋਂ ਨਿਕਲ ਚੁੱਕੀਆਂ ਹਨ ਹੁਣ ਬਾਬਾ ਨਾਨਕ ਦਾ ਸਿਧਾਂਤ ਹੈ,ਜਿਸ ਤੇ ਅੱਜ ਆਪਾਂ ਸਹੀ ਰੂਪ ਤੇ ਖੜ੍ਹੇ ਹਾਂ ਆਪਣੇ ਹਰ ਤਰ੍ਹਾਂ ਦੇ ਚੱਲ ਰਹੇ ਲੰਗਰਾਂ ਨੂੰ ਪੂਰੀ ਦੁਨੀਆ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਵੇਖ ਕੇ ਆਪਣੀ ਉੱਚੀ ਸੋਚ ਨੂੰ ਸਲਾਮ ਕਰ ਰਹੀ ਹੈ।
ਪੂਰੇ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਮੋਰਚੇ ਵਿਚ ਆ ਕੇ ਇਕੱਠੇ ਹੋ ਕੇ ਬੈਠੇ ਹਨ ਤੇ ਸਾਡੀ ਉੱਚੀ ਸੋਚ ਨੂੰ ਵੱਡਾ ਭਾਈ ਕਹਿ ਕੇ ਵਡਿਆ ਰਹੇ ਹਨ।ਅੱਜ ਤੇ ਆਪਣਾ ਭਵਿੱਖ ਆਪਣੇ ਹੱਥ ਵਿੱਚ ਹੈ ਬਾਬਾ ਨਾਨਕ ਦੇ ਸਿਧਾਂਤ ਹੀ ਆਪਣੀ ਜਿੱਤ ਹਨ ਜਿਸ ਤੇ ਆਪਾਂ ਚੱਲ ਰਹੇ ਹਾਂ।ਇਨਕਲਾਬ ਸਾਹਮਣੇ ਕੰਧ ਦੇ ਉੱਤੇ ਉੱਕਰਿਆ ਸਾਫ਼ ਵਿਖਾਈ ਦੇ ਰਿਹਾ ਹੈ ਜਿੱਤਾਂ ਦੀ ਖੁਸ਼ੀ ਮਨਾਉਣ ਦੀ ਕੋਈ ਜ਼ਰੂਰਤ ਨਹੀਂ।ਆਪਣੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਆਪਣੇ ਨੇਤਾ ਮੌਜੂਦ ਹਨ ਫਿਰ ਆਪਣੀ ਸਰਕਾਰ ਕਿਉਂ ਨਹੀਂ ਬਣ ਸਕਦੀ?
ਰਮੇਸ਼ਵਰ ਸਿੰਘ
ਸੰਪਰਕ ਨੰਬਰ -9914880392