ਪੰਜਾਬ ਕਿਸਾਨ ਯੂਨੀਅਨ ਵੱਲੋਂ ਅੱਜ ਜ਼ਿਲ੍ਹਾ ਕਚਹਿਰੀ ਮਾਨਸਾ ਵਿੱਚ ਕੰਬਾਈਨ ਮਾਲਕਾਂ ਦਾ ਇਕੱਠ ਕਰ ਕੇ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕੰਬਾਈਨਾਂ ਐੱਸ.ਐੱਮ.ਐੱਸ. ਲਗਵਾਏ ਬਿਨਾਂ ਚਲਾਈਆਂ ਜਾਣਗੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਈਨ ਰੋਕਣ ‘ਤੇ ਜ਼ਿਲ੍ਹਾ ਅਧਿਕਾਰੀਆਂ ਦਾ ਖੇਤਾਂ ਵਿੱਚ ਹੀ ਘਿਰਾਓ ਕੀਤਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ, ਹੁਣ ਕਾਂਗਰਸ ਸਰਕਾਰ ਵੱਲੋਂ ਕੰਬਾਈਨਾਂ ਤੇ ਐੱਸ.ਐੱਮ.ਐੱਸ. ਲਗਵਾਉਣ ਦੇ ਨਾਦਰਸ਼ਾਹੀ ਫ਼ਰਮਾਨ ਕਰਕੇ ਕਿਸਾਨਾਂ ਨੂੰ ਹੋਰ ਡੂੰਘੇ ਆਰਥਿਕ ਸੰਕਟ ਵੱਲ ਧੱਕਿਆ ਜਾ ਰਿਹਾ ਹੈ। ਕੰਬਾਈਨ ਮਾਲਕ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ ਕਾਕਾ ਨੇ ਕਿਹਾ ਕਿ ਨਵੇਂ ਸਰਕਾਰੀ ਹੁਕਮਾਂ ਤਹਿਤ ਕੰਬਾਈਨਾਂ ਉਪਰ ਐੱਸ.ਐੱਮ.ਐੱਸ. ਲਗਵਾਉਣ ਨਾਲ ਪਰਾਲੀ ਦਾ ਮਸਲਾ ਹੱਲ ਨਹੀਂ ਹੋਣਾ, ਸਗੋਂ ਇਸ ਨਾਲ ਕਿਸਾਨਾਂ ‘ਤੇ ਵਾਧੂ ਦਾ ਭਾਰ ਪਵੇਗਾ। ਕੰਬਾਈਨ ਮਾਲਕਾਂ ਨੂੰ ਮਹਿੰਗੇ ਭਾਅ ਦਾ ਐੱਸ.ਐੱਮ.ਐੱਸ. ਦਾ ਖਰਚਾ ਉਠਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਕੰਬਾਈਨ ਮਾਲਕਾਂ ਨੂੰ ਮਜਬੂਰਨ ਝੋਨੇ ਦੀ ਕਟਾਈ ਦੇ ਰੇਟ ਵਧਾਉਣੇ ਪੈਣਗੇ, ਕਿਉਂਕਿ ਇਸ ਯੰਤਰ ਉਪਰ ਲਗਭਗ ਤਿੰਨ ਲੱਖ ਰੁਪਏ ਵੱਖਰਾ ਖਰਚ ਹੁੰਦਾ ਹੈ ਅਤੇ ਡੀਜ਼ਲ ਦੀ ਖਪਤ ਵੱਧ ਹੁੰਦੀ ਹੈ। ਮੰਚ ਤੋਂ ਐਲਾਨ ਕਰਦਿਆਂ ਕਿਸਾਨ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਸਮਾਓ ਨੇ ਕਿਹਾ ਕਿ ਐੱਸ.ਐੱਮ.ਐੱਸ ਲਗਵਾਉਣ ਦੇ ਕਿਸੇ ਵੀ ਸਰਕਾਰੀ ਹੁਕਮ ਨੂੰ ਨਹੀਂ ਮੰਨਿਆ ਜਾਵੇਗਾ ਅਤੇ ਬਿਨਾਂ ਐੱਸ.ਐੱਮ.ਐੱਸ ਲਗਵਾਏ ਹੀ ਕੰਬਾਈਨਾਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਾਈਨ ਮਾਲਕਾਂ ਨੂੰ ਖੇਤਾਂ ਵਿੱਚ ਕੰਬਾਈਨਾਂ ਚਲਾਉਣ ਤੋਂ ਰੋਕਿਆ ਗਿਆ ਤਾਂ ਅਧਿਕਾਰੀਆਂ ਦਾ ਖੇਤਾਂ ਵਿੱਚ ਹੀ ਘਿਰਾਓ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਪਰਾਲੀ ਦੇ ਮਸਲੇ ਦਾ ਕੋਈ ਠੋਸ ਹੱਲ ਨਾ ਕੱਢਿਆ ਤਾਂ ਕਿਸਾਨਾਂ ਵੱਲੋਂ ਪਰਾਲੀ ਸਾੜੀ ਜਾਵੇਗੀ। ਇਸੇ ਦੌਰਾਨ ਆਗੂਆਂ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨਾਲ ਮੀਟਿੰਗ ਕਰਵਾਈ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਸ ਸਮੱਸਿਆ ਨੂੰ ਉਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਉਠਾਇਆ ਜਾਵੇਗਾ। ਇਸ ਮੌਕੇ ਰਾਮਫਲ ਸਿੰਘ ਚੱਕ ਅਲੀਸ਼ੇਰ, ਕਾਮਰੇਡ ਰਾਜਵਿੰਦਰ ਰਾਣਾ, ਸੁਰਜੀਤ ਸਿੰਘ ਕੋਟਧਰਮੂੰ, ਐਡਵੋਕੇਟ ਬਲਕਰਨ ਸਿੰਘ ਬੱਲੀ, ਹਾਕਮ ਸਿੰਘ ਝੁਨੀਰ, ਅਮਨਦੀਪ ਸਿੰਘ ਬਿੱਲਾ, ਗੁਰਸੇਵਕ ਸਿੰਘ ਮੌੜ ਕਲਾਂ, ਕਰਨੈਲ ਸਿੰਘ ਮਾਨਸਾ, ਹਾਕਮ ਸਿੰਘ ਝੁਨੀਰ, ਜਸਪਾਲ ਸਿੰਘ ਉੱਭਾ ਤੇ ਅਮਰੀਕ ਸਿੰਘ ਕੋਟਧਰਮੂੰ ਨੇ ਵੀ ਸੰਬੋਧਨ ਕੀਤਾ।
INDIA ਕਿਸਾਨ ਜਥੇਬੰਦੀ ਨੇ ਜ਼ਿਲ੍ਹਾ ਕਚਹਿਰੀ ਵਿੱਚ ਸਰਕਾਰ ਨੂੰ ਵੰਗਾਰਿਆ