ਚੰਡੀਗੜ੍ਹ (ਸਮਾਜ ਵੀਕਲੀ): ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਬਾਰੇ ਆਪਣੀ ਖਾਮੋਸ਼ੀ ਤੋੜਦਿਆਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਆਸ ਜਤਾਈ ਕਿ ਕੇਂਦਰ ਵੱਲੋਂ ਐੱਮਐੱਸਪੀ ਅਤੇ ਹੋਰ ਮੰਗਾਂ ਬਾਰੇ ਲਿਖਤੀ ਭਰੋਸੇ ਦੀ ਪੇਸ਼ਕਸ਼ ਕੀਤੇ ਜਾਣ ਮਗਰੋਂ ਕਿਸਾਨ ਆਪਣਾ ਅੰਦੋਲਨ ਖ਼ਤਮ ਕਰ ਦੇਣਗੇ। ਜਨਨਾਇਕ ਜਨਤਾ ਪਾਰਟੀ ਦੇ ਆਗੂ ਨੇ ਕਿਹਾ ਕਿ ਕਿਸਾਨ ਇਸ ਗੱਲ ਨੂੰ ਵੀ ਸਮਝਣਗੇ ਕਿ ਕੇਂਦਰ ਵੱਲੋਂ ਲਿਖਤੀ ਭਰੋਸਾ ਦੇਣਾ ਵੀ ਉਨ੍ਹਾਂ ਦੇ ਸੰਘਰਸ਼ ਦੀ ਵੱਡੀ ਜਿੱਤ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਣ ਦੀ ਕੋਈ ਲੋੜ ਨਹੀਂ ਹੈ। ਸ੍ਰੀ ਚੌਟਾਲਾ ਨੇ ਕਿਹਾ ਕਿ ਉਹ ਕਿਸਾਨਾਂ ਦੇ ਮੁੱਦੇ ’ਤੇ ਕੇਂਦਰ ਨਾਲ ਲਗਾਤਾਰ ਸੰਪਰਕ ’ਚ ਹਨ ਅਤੇ ਪਾਰਟੀ ਨੇ ਆਪਣੇ ਸੁਝਾਅ ਵੀ ਦਿੱਤੇ ਹਨ। ਉਪ ਮੁੱਖ ਮੰਤਰੀ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਭਾਜਪਾ ਦੀ ਅਗਵਾਈ ਹੇਠਲੀ ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈ ਲੈਣ। ਉਨ੍ਹਾਂ ਕਿਹਾ ਕਿ ਜੇਕਰ ਘੱਟੋ ਘੱਟ ਸਮਰਥਨ ਮੁੱਲ ਪ੍ਰਣਾਲੀ ਨੂੰ ਕੋਈ ਖ਼ਤਰਾ ਖੜ੍ਹਾ ਹੋਇਆ ਤਾਂ ਉਹ ਅਸਤੀਫ਼ਾ ਦੇ ਦੇਣਗੇ। ਕਿਸਾਨਾਂ ਨੂੰ ਖੁੱਲ੍ਹੀ ਹਮਾਇਤ ਦੇਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਦੁਸ਼ਯੰਤ ਨੇ ਕਿਹਾ ਕਿ ਉਹ ਵੀ ਪਹਿਲਾਂ ਕਿਸਾਨ ਹਨ ਅਤੇ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਵਾਜਬ ਭਾਅ ਮਿਲੇ।