ਕਿਸਾਨ ਅੰਦੋਲਨ ਦੀ ਹਮਾਇਤ ਤੇ ਆਇਆ ਸਮੁੱਚਾ ਸਿਹਤ ਵਿਭਾਗ

ਮਾਨਸਾ (ਸਮਾਜ ਵੀਕਲੀ) ( ਔਲਖ ): ਅੱਜ ਸਿਹਤ ਵਿਭਾਗ ਦੀਆਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਇੱਕ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕੀਤੀ ਗਈ। ਸਿਵਲ ਸਰਜਨ ਦਫਤਰ ਮਾਨਸਾ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੀ,ਸੀ,ਐਮ,ਐਸ ਐਸੋਸੀਏਸ਼ਨ ਦੇ ਪ੍ਰਧਾਨ ਡਾ, ਅਰਸ਼ਦੀਪ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਧੱਕੇ ਨਾਲ ਪਾਸ ਕੀਤੇ ਕਾਲੇ ਕਾਨੂੰਨ ਫੌਰੀ ਵਾਪਸ ਲੈਣੇ ਚਾਹੀਦੇ ਹਨ। ਇਸ ਮੌਕੇ ਡਾ,ਰਣਜੀਤ ਰਾਏ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਕਰ ਰਹੇ ਕਿਸਾਨਾਂ ਲਈ ਮੁਫਤ ਮੈਡੀਕਲ ਕੈਂਪ ਲਾ ਕੇ ਮਨੁੱਖਤਾ ਦੀ ਸੇਵਾ ਕਰ ਸਕਦੇ ਹਨ।

ਇਸ ਮੌਕੇ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੇ ਆਗੂ ਕੇਵਲ ਸਿੰਘ ਅਤੇ ਜਗਦੀਸ਼ ਪੱਖੋ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।ਇਸ ਮੌਕੇ ਕਲੈਰੀਕਲ ਯੂਨੀਅਨ ਦੇ ਆਗੂ ਸੰਦੀਪ ਸਿੰਘ ਅਤੇ ਪ੍ਰਤਾਪ ਸਿੰਘ ਨੇ ਮੋਦੀ ਸਰਕਾਰ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਸਰਕਾਰੀ ਮਹਿਕਮਿਆਂ ਨੂੰ ਅਡਾਨੀਆਂ ਕੋਲ ਗਹਿਣੇ ਰੱਖ ਦਿੱਤਾ ਤੇ ਹੁਣ ਇਹੋ ਹਾਲ ਖੇਤੀ ਦਾ ਕਰ ਰਹੀ ਹੈ। ਐਨ,ਆਰ ਐਚ,ਐਮ ਯੂਨੀਅਨ ਦੇ ਆਗੂ ਜਗਦੇਵ ਸਿੰਘ ਅਤੇ ਡਾ, ਵਿਸ਼ਵਜੀਤ ਖੰਡਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਅਮੀਰ ਅਤੇ ਗਰੀਬ ਦਾ ਪਾੜਾ ਵਧ ਰਿਹਾ ਹੈ।

ਠੇਕੇਦਾਰ ਸਿਸਟਮ ਦੇ ਤਹਿਤ ਗਰੀਬਾਂ,ਮਜ਼ਦੂਰਾਂ ਅਤੇ ਮੁਲਾਜ਼ਮਾਂ ਦਾ ਘਾਣ ਹੋ ਰਿਹਾ ਹੈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਏ,ਐਨ,ਐਮ ਯੂਨੀਅਨ ਦੀ ਪ੍ਰਧਾਨ ਸ਼ਿੰਦਰ ਕੌਰ ਅਤੇ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਰੁਜ਼ਗਾਰ, ਸਿਹਤ, ਅਬਾਦੀ, ਪੜਾਈ ਜਿਹੇ ਮੁਦਿਆਂ ਦੀ ਗਲ ਕਰਨੀ ਚਾਹੀਦੀ ਹੈ।ਪਰ ਉਹ ਇਸਦੇ ਉਲਟ ਲੋਕਾਂ ਨੂੰ ਜਾਤ-ਪਾਤ ,ਧਰਮ ਅਤੇ ਨਸ਼ਿਆਂ ਵਿੱਚ ਉਲਝਾ ਕੇ ਆਪਣਾ ਰਾਜ ਪ੍ਰਬੰਧ ਕਾਇਮ ਰੱਖਣਾ ਚਾਹੁੰਦੀਆਂ ਹਨ। ਇਸ ਮੌਕੇ ਸਿਵਲ ਸਰਜਨ ਦਫਤਰ ਤੋਂ ਤਿੰਨ ਕੋਨੀਆਂ ਤੱਕ ਰੋਸ ਮਾਰਚ ਕਰਦੇ ਹੋਏ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਧਰਨੇ ਨੂੰ ਡਾ,ਚਰਨਜੀਤ ਸਿੰਘ, ਹਰਪਾਲ ਸਿੰਘ ਪਾਲੀ ਫਾਰਮੇਸੀ ਅਫਸਰ, ਕਿਰਨਜੀਤ ਕੌਰ ਏ,ਐਨ,ਐਮ,ਰਾਜਵੀਰ ਕੌਰ, ਮਨਦੀਪ ਕੌਰ ,ਇਕਬਾਲ ਸਿੰਘ ਸੀ,ਐਚ,ਓ, ਹਰਦੀਪ ਸਿੰਘ, ਸੰਜੀਵ ਕੁਮਾਰ ਨੇ ਵੀ ਸੰਬੋਧਨ ਕੀਤਾ।

Previous articleਤੇਰੀ ਹਿੱਕ ਤੇ ਨੱਚਣਾ ਦਿੱਲੀਏ
Next articleਹਾਂ ਜਾਂ ਨਾਂਹ ‘ਚ ਦੱਸੋ