ਆਗਰਾ (ਸਮਾਜ ਵੀਕਲੀ) : ਦਿੱਲੀ ਵਿੱਚ ਚਲ ਰਹੇ ਕਿਸਾਨ ਅੰਦੋਲਨ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਵਿਕਾਸ ਲਈ ਸੁਧਾਰ ਜ਼ਰੂਰੀ ਹੈ ਅਤੇ ਪੁਰਾਣੀ ਸਦੀ ਦੇ ਕੁਝ ਕਾਨੂੰਨ ਅੱਜ ਦੇ ਸਮੇਂ ਵਿੱਚ ‘ਬੋਝ’ ਬਣ ਚੁੱਕੇ ਹਨ। ਆਗਰਾ ਮੈਟਰੋ ਰੇਲ ਪ੍ਰਾਜੈਕਟ ਦੇ ਕੰਮ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਵਿਕਾਸ ਲਈ ਸੁਧਾਰ ਜ਼ਰੂਰੀ ਹੈ। ਕੁਝ ਕਾਨੂੰਨ ਜੋ ਪੁਰਾਣੀ ਸਦੀ ਵਿੱਚ ਚੰਗੇ ਸਨ, ਉਹ ਅੱਜ ਦੀ ਸਦੀ ਵਿੱਚ ਬੋਝ ਬਣ ਚੁੱਕੇ ਹਨ।’ ਉਨ੍ਹਾਂ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੰਪੂਰਨਤਾਵਾਦੀ ਸੁਧਾਰਾਂ ਵਿੱਚ ਵਿਸ਼ਵਾਸ ਰੱਖਦੀ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਆਗਰਾ ਮੈਟਰੋਲ ਰੇਲ ਪ੍ਰਾਜੈਕਟ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਆਗਰਾ ਦੇ 15ਵੀਂ ਬਟਾਲੀਅਨ ਪੀਏਸੀ ਪਰੇਡ ਗਰਾਊਂਡ ਵਿੱਚ ਕੀਤੇ ਪ੍ਰੋਗਰਾਮ ਵਿੱਚ ਮੈਟਰੋ ਰੇਲ ਪ੍ਰਾਜੈਕਟ ਦੇ ਨਿਰਮਾਣ ਕਾਰਜਾਂ ਦਾ ਵਰਚੁਅਲ ਮਾਧਿਅਮ ਰਾਹੀਂ ਬਟਨ ਦਬਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਸਮੇਤ ਸੂਬਾ ਸਰਕਾਰ ਦੇ ਮੰਤਰੀ ਅਤੇ ਨੇਤਾ ਹਾਜ਼ਰ ਸਨ। ਜਾਣਕਾਰੀ ਅਨੁਸਾਰ 8379 ਕਰੋੜ ਰੁਪੲੇ ਦੀ ਲਾਗਤ ਨਾਲ ਬਣਨ ਵਾਲੇ ਆਗਰਾ ਮੈਟਰੋ ਰੇਲ ਪ੍ਰਾਜੈਕਟ ਤਹਿਤ ਕੁਲ 29.4 ਕਿਲੋਮੀਟਰ ਲੰਮੇਂ ਦੋ ਲਾਂਘਿਆਂ ਦੀ ਉਸਾਰੀ ਕੀਤੀ ਜਾਣੀ ਹੈ।