ਚੰਡੀਗੜ੍ਹ (ਸਮਾਜਵੀਕਲੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਅਕਾਲੀ ਦਲ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਖ਼ਰੀਦ ਦੇ ਮਸਲੇ ਸਣੇ ਕਿਸਾਨ ਹਿਤਾਂ ’ਤੇ ਕੋਈ ਸਮਝੌਤਾ ਨਹੀਂ ਸਕਦਾ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਯਤਨਾਂ ਸਦਕਾ ਕਿਸਾਨੀ ਵਸਤਾਂ ਦੀ ਖ਼ਰੀਦੋ-ਫ਼ਰੋਖਤ ਸਬੰਧੀ ਨਵੇਂ ਐਕਟ ਵਿਚ ਵੀ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਅਤੇ ਖ਼ਰੀਦ ਨੂੰ ਯਕੀਨੀ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿਚ ਵੀ ਕਦੇ ਕਿਸਾਨੀ ਉਪਜ ਦੇ ਸਮਰਥਨ ਮੁੱਲ ਅਤੇ ਲਾਜ਼ਮੀ ਖ਼ਰੀਦ ਨੂੰ ਕੋਈ ਖ਼ਤਰਾ ਖੜ੍ਹਾ ਕੀਤਾ ਗਿਆ ਤਾਂ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੇਂ ਐਕਟ ਦੇ ਵਿਰੋਧ ਕਰਨ ਬਾਰੇ ਚਿੱਟੇ ਦਿਨ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਇਸ ਐਕਟ ਦੇ ਪ੍ਰਬੰਧ ਨੂੰ ਪਹਿਲੋਂ ਹੀ ਅਗਸਤ-2019 ਵਿਚ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਸੁਖਬੀਰ ਸਿੰਘ ਨੇ ਕਿਹਾ ਕਿ ਸਮਰਥਨ ਮੁੱਲ ਸਣੇ ਕਿਸੇ ਵੀ ਕਿਸਾਨੀ ਮਸਲੇ ’ਤੇ ਪਾਰਟੀ ਹਰ ਕੁਰਬਾਨੀ ਦੇਣ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੁੰਦਿਆਂ ਕਿਸਾਨਾਂ ਦੇ ਹਿਤਾਂ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਐਕਟ ਵਿਚ ਜਿੱਥੇ ਕਿਸਾਨਾਂ ਦੀ ਫ਼ਸਲ ਦਾ ਘੱਟੋ-ਘੱਟ ਸਮਰਥਨ ਮੁੱਲ ਤੇ ਲਾਜ਼ਮੀ ਖ਼ਰੀਦ ਨੂੰ ਜਾਰੀ ਰੱਖਣਾ ਯਕੀਨੀ ਬਣਾਇਆ ਹੈ, ਉੱਥੇ ਇਸ ਨਾਲ ਕਿਸਾਨਾਂ ਲਈ ਇਹ ਸੰਭਾਵਨਾ ਵੀ ਪੈਦਾ ਕੀਤੀ ਗਈ ਹੈ ਕਿ ਉਹ ਫ਼ਸਲ ਉਸ ਜਗ੍ਹਾ ਵੇਚ ਸਕਣ ਜਿੱਥੇ ਉਨ੍ਹਾਂ ਨੂੰ ਵੱਧ ਭਾਅ ਮਿਲਦਾ ਹੋਵੇ।