ਕਿਸਾਨੀ ਸੰਘਰਸ਼ ਭੂਤ ਤੋਂ ਅਤੀਤ ਤੱਕ

ਦਿਨੇਸ਼ ਨੰਦੀ

(ਸਮਾਜ ਵੀਕਲੀ)

ਕਿਸਾਨੀ ਸੰਘਰਸ਼ ਇਸ ਸਮੇਂ ਪੂਰੀ ਦੁਨੀਆ ਨੂੰ ਆਪਣਾ ਲੇਖਾ ਜੋਖਾ ਵੱਖ ਵੱਖ ਅਰਥਾਂ ਰਾਹੀਂ ਪੇਸ਼ ਕਰ ਰਿਹਾ ਹੈ।26 ਜਨਵਰੀ ਨੂੰ ਜਿੱਥੇ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ , ਉੱਤਰਾਖੰਡ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਆਪਣੇ ਅਦਭੁਤ ਹੌਂਸਲੇ ਦਾ ਸਬੂਤ ਦਿੰਦੇ ਹੋਏ ਟਰੈਕਟਰ ਮਾਰਚ ਰਾਜਧਾਨੀ ਦਿੱਲੀ ਵਿੱਚ ਕੱਢਣ ਦਾ ਫੈਸਲਾ ਕੀਤਾ। ਉੱਥੇ ਸਾਡੇ ਕਿਸਾਨ ਲੀਡਰਾਂ ਨੇ ਆਪਣੀ ਦੂਰਅੰਦੇਸੀ ਦੇ ਨਾਲ ਇਹ ਖਦਸ਼ਾ ਵੀ ਜਾਹਿਰ ਕੀਤਾ ਕਿ ਕੁੱਝ ਸਰਾਰਤੀ ਅਨਸਰ ਕਿਸਾਨ ਮਜ਼ਦੂ ਰਾਂ ਦੇ ਇਸ ਸਾਂਝੇ ਅੰਦੋਲਨ ਨੂੰ ਤਾਰਪੀਡੋ ਕਰਨ ਵਿੱਚ ਲੱਗੇ ਹੋਏ ਹਨ। ਫਿਰ ਵੀ ਦਿੱਲੀ ਪੁਲਿਸ ਦੀ ਸਹਿਮਤੀ ਨਾਲ ਤਿਆਰ ਰੋਡ ਮੈਪ ਉਤੇ ਸਾਡੇ ਕਿਸਾਨ ਲੀਡਰਾਂ ਨੇ ਪੂਰੇ ਜੋਸ਼ ਤੇ ਹੋਸ਼ ਨਾਲ ਟਰੈਕਟਰ ਮਾਰਚ ਦਾ ਆਯੋਜਨ ਕੀਤਾ।

ਤਿਰੰਗੇ ਝੰਡੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਸਾਰੇ ਕਿਸਾਨ ਵੀਰ ਆਪਣੇ ਆਪਣੇ ਟਰੈਕਟਰ ਉੱਤੇ ਸਾਡਾ ਤਿਰੰਗਾ ਝੰਡਾ ਲਹਿਰਾਉਂਦੇ ਹੋਏ ਮਾਰਚ ਕੱਢ ਰਹੇ ਸਨ। ਗਣਤੰਤਰ ਦਿਵਸ ਦੀ ਪਰੇਡ ਵਾਂਗ ਹੀ ਉਹਨਾਂ ਨੇ ਟਰੈਕਟਰ ਦੀਆਂ ਟਰਾਲੀਆਂ ਤੇ ਸਾਡੇ ਗ਼ਦਰੀ ਬਾਬਿਆਂ, ਸੁਤੰਤਰਤਾ ਸੰਗਰਾਮ ਦੇ ਸਹੀਦਾਂ ਦੀਆਂ ਫੋਟੋਆਂ, ਸਾਡੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਦੇ ਨਾਲ ਸ਼ਿੰਗਾਰੇ ਫਲੈਕਸ ਬੋਰਡ ਲਾਏ ਹੋਏ ਸਨ। ਜਿਸ ਤਰ੍ਹਾ ਰੋਲਟ ਐਕਟ ਦੇ ਵਿਰੋਧ ਵਿੱਚ ਸਾਡੇ ਦੇਸ਼ ਭਗਤਾਂ ਨੇ ਅੰਗਰੇਜਾਂ ਦਾ ਵਿਰੋਧ ਕੀਤਾ ਸੀ।

ਬਿਲਕੁੱਲ ਉਸੇ ਤਰ੍ਹਾਂ ਦਾ ਵਿਰੋਧ ਜਨ ਜਨ ਦੀ ਆਵਾਜ਼ ਬਣਕੇ ਦਿੱਲੀ ਦੀਆਂ ਸੜਕਾਂ ਤੇ ਸਾਂਤਮਈ ਢੰਗ ਨਾਲ ਆਪਣਾ ਪੱਖ ਪੇਸ਼ ਕਰਦਾ ਨਜ਼ਰ ਆ ਰਿਹਾ ਸੀ। ਕਿਸਾਨ ਸਿਰਫ ਆਪਣੇ ਫ਼ਸਲਾਂ ਦੇ ਸਮਰਥਨ ਮੁੱਲ ਤੇ ਕਾਰਪੋਰੇਟ ਘਰਾਣਿਆਂ ਕੋਲੋਂ ਆਪਣੀ ਆਜਾਦੀ ਦਾ ਹੱਕ ਆਪਣੀ ਹੀ ਚੁਣੀ ਹੋਈ ਸਰਕਾਰ ਤੋਂ ਕਈ ਮਹੀਨਿਆਂ ਦੇ ਮੰਗਦੇ ਆ ਰਹੇ ਸਨ। ਕਿਤੇ ਬਾਬੇ ਨਾਨਕ ਦੀ ਬਾਣੀ “ਕਿਰਤ ਕਰੋ, ਵੰਡ ਛਕੋ”ਦੇ ਕੀਰਤਨ ਹੋ ਰਹੇ ਸਨ ਤੇ ਕਿਤੇ ਲੋਕ ਦੁੱਲੇ ਭੱਟੀ ਦੇ ਸੋਹਲੇ ਗਾਉਂਦੇ ਨਜ਼ਰ ਆ ਰਹੇ ਸਨ। ਸਥਾਨਕ ਲੋਕ ਵੀ ਕਿਤੇ ਕਿਤੇ ਹੱਥਾਂ ਵਿੱਚ ਫੁੱਲ ਲੈ ਕੇ ਕਿਸਾਨਾਂ ਦਾ ਸਵਾਗਤ ਕਰ ਰਹੇ ਸਨ। ਕਿਸਾਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ।

ਅੰਨਦਾਤੇ ਦਾ ਸਨਮਾਨ ਆਪਣੇ ਆਪ ਵਿੱਚ ਗੌਰਵਸ਼ਾਲੀ ਇਤਿਹਾਸ ਨੂੰ ਦਰਸਾ ਰਿਹਾ ਸੀ। ਪਰ ਮੈਨੂੰ ਇਹ ਅਫ਼ਸੋਸ ਹੈ ਕਿ ਸਾਡੇ ਦੇਸ਼ ਦੇ ਮੀਡੀਆ ਨੇ ਸਾਡੇ ਲੋਕਾਂ ਦੇ ਇਸ ਜਾਬਤੇ ਦਾ ਆਪਣੇ ਟੀ.ਵੀ ਚੈਨਲਾਂ ਤੇ ਪ੍ਰਸਾਰਣ ਦਿਖਾਉਣ ਦੀ ਬਜਾਏ ਸਾਡੇ ਕਿਸਾਨ ਭਰਾਵਾਂ ਨੂੰ ਅਰਾਜਕਤਾ ਫੈਲਾਉਣ ਵਾਲੇ ਖਲਨਾਇਕ ਬਣਾ ਕੇ ਪੇਸ਼ ਕੀਤਾ। ਮੁੱਠੀ ਭਰ ਕੁੱਝ ਸਰਾਰਤੀ ਅਨਸਰਾਂ ਦੀ ਬਦੌਲਤ ਸਾਡੇ ਕਿਸਾਨ ਲੀਡਰਾਂ ਨੂੰ ਟਰੈਕਟਰ ਮਾਰਚ ਨੂੰ ਵਾਪਸੀ ਦਾ ਆਦੇਸ਼ ਦੇਣਾ ਪਿਆ ਤੇ ਆਖਿਰ 1 ਫਰਬਰੀ ਦਾ ਸੰਸਦ ਭਵਨ ਵੱਲ ਕੀਤਾ ਜਾਣ ਵਾਲਾ ਮਾਰਚ ਵੀ ਮੁਲਤਵੀ ਕਰਨਾ ਪਿਆ।

ਇਸ ਸਾਰੇ ਘਟਨਾਕ੍ਰਮ ਨੂੰ ਜੇਕਰ ਗੌਰ ਨਾਲ ਵੇਖੀਏ ਤਾਂ ਆਪਣੇ ਆਪ ਨੂੰ ਗਹਿਰਾ ਸਦਮਾ ਲੱਗਣਾ ਸੁਭਾਵਿਕ ਹੀ ਸੀ। ਅੰਦੋਲਨ ਦੇ ਭੂਤਕਾਲ ਨੂੰ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਇਤਿਹਾਸ ਦੇ ਇਸ ਮਹਾਂ ਇਕੱਠ ਉੱਤੇ ਸਾਰੀ ਦੁਨੀਆਂ ਨਜ਼ਰਾ ਗੱਡੀ ਬੈਠੀ ਹੈ ਪਰ ਕੁੱਝ ਬੰਦੇ ਫੋਕੀ ਸੋਹਰਤ ਹਾਸਿਲ ਕਰਨ ਲਈ ਆਪਣੇ ਭਰਾਵਾਂ ਦੀ ਮਹੀਨਿਆਂ ਤੋਂ ਕੀਤੀ ਮੇਹਨਤ ਉੱਤੇ ਪਾਣੀ ਫੇਰ ਦਿੰਦੇ ਹਨ। ਸਰਕਾਰ ਜੋ ਚਾਹੁੰਦੀ ਸੀ ਹੋ ਚੁੱਕਿਆ ਹੈ। ਪਰ ਹੁਣ ਭੂਤ ਤੋਂ ਸਬਕ ਲੈ ਕੇ ਵਰਤਮਾਨ ਨੂੰ ਸੰਭਾਲਣ ਦੀ ਲੋੜ ਹੈ।

ਹੱਕ ਸੱਚ ਅਤੇ ਇਨਸਾਫ ਦੀ ਲੜਾਈ ਲੰਬੀ ਹੋ ਸਕਦੀ ਹੈ ਪਰ ਬਿਨਾਂ ਫ਼ੈਸਲੇ ਦੇ ਕਦੇ ਖਤਮ ਨਹੀਂ ਹੁੰਦੀ। ਕੁੱਝ ਸਰਾਰਤੀ ਅਨਸਰਾਂ ਦੀ ਬਦੌਲਤ ਅਸੀਂ ਆਪਣੇ ਕਿਸਾਨ ਲੀਡਰਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਲੋੜ ਹੈ ਸੰਜਮ ਦੀ। ਠੰਡੇ ਦਿਮਾਗ ਨਾਲ ਸਤਰੰਜ ਦੀਆਂ ਚਾਲਾਂ ਨੂੰ ਸਮਝਣ ਦੀ। ਇੱਕ ਗਲਤ ਚਾਲ ਹੀ ਮਾਤ ਦੇ ਸਕਦੀ ਹੈ ਤੇ ਇਕ ਚਾਲ ਹੀ ਹਾਰੀ ਹੋਈ ਬਾਜ਼ੀ ਨੂੰ ਜੇਤੂ ਕਰ ਸਕਦੀ ਹੈ। ਇਸ ਕਰਕੇ ਕਿਸਾਨ ਭਰਾਵੋਂ।। ਅਤੀਤ ਆਪਣੀਆਂ ਬਾਹਾਂ ਫੈਲਾ ਕੇ ਵਰਤਮਾਨ ਦੇ ਅੱਗੇ ਖੜ੍ਹਾ ਹੈ। ਜੰਗ ਹਾਲੇ ਬਾਕੀ ਹੈ। ਸਾਡੇ ਅਤੀਤ ਦੀ ਕਾਲੀ ਰਾਤ ਨੂੰ ਅਸੀਂ ਚੰਨ ਦੀ ਚਾਨਣੀ ਨਾਲ ਕਿਵੇਂ ਰੋਸ਼ਨ ਕਰਨਾ ਹੈ ਇਹ ਹੀ ਵਰਤਮਾਨ ਦਾ ਸਵਾਲ ਹੈ।

ਦਿਨੇਸ਼ ਨੰਦੀ
9417458831

Previous articleSP creates ruckus in Assembly, then walks out
Next articleUnnao girls’ kin seek CBI probe; ensure justice, says Cong