(ਸਮਾਜ ਵੀਕਲੀ) : ਕੇਂਦਰ ਸਰਕਾਰ ਦੇ ਖੇਤੀਬਾੜੀ ਸੰਬੰਧੀ ਪਾਸ ਕੀਤੇ ਐਕਟਾਂ ਦੇ ਵਿਰੋਧ ਵਿੱਚ ਜਿੱਥੇ ਸਾਰੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਇਸ ਸੰਘਰਸ਼ ਦਾ ਹਿੱਸਾ ਬਣੀਆਂ ਹੋਈਆਂ ਹਨ, ਉੱਥੇ ਹੀ ਸਰਕਾਰੀ ਕਾਲਜ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਯੁਨੀਅਨ ਨੇ ਵੀ ਇਸ ਅੰਦੋਲਨ ਵਿੱਚ ਕਿਸਾਨ ਯੂਨੀਅਨਾਂ ਨੂੰ ਸਮਰਥਨ ਦਿੱਤਾ ਹੈ ।
ਜਿਸ ਤਹਿਤ ਪੰਜਾਬ ਦੇ ਵੱਖ-ਵੱਖ ਕਾਲਜਾਂ ਤੋਂ ਪ੍ਰੋਫੈਸਰ ਇਸ ਸੰਘਰਸ ਵਿੱਚ ਵੱਧ ਚੜ ਕਿ ਯੋਗਦਾਨ ਪਾ ਰਹੇ ਹਨ, ਇਹੋ ਜਿਹੇ ਹੀ ਹਨ ਪਿੰਡ ਮਦੇਵੀ ਦੇ ਜੰਮਪਲ ਗਣਿਤ ਵਿਭਾਗ ਦੇ ਮੁਖੀ ਅਸਿਸਟੈਂਟ ਪ੍ਰੋਫੈਸਰ ਪਰਮਜੀਤ ਸਿੰਘ ਢਿੱਲੋਂ ਜੋ ਪੜਾਈ ਦੇ ਨਾਲ ਖੇਤੀਬਾੜੀ ਦਾ ਵੀ ਸ਼ੋਕ ਰੱਖਦੇ ਹਨ ਅਤੇ ਜੋ 2004 ਤੋਂ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਪੜਾਉਣ ਲੱਗੇ ਅਤੇ 2005 ਗੈਸਟ ਫੈਕਲਟੀ ਪ੍ਰੋਫੈਸਰਜ ਯੁਨੀਅਨ ਦੇ ਮੈਂਬਰ ਬਣੇ ।
ਪੰਜਾਬ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਵਿਰੋਧੀ ਘੋਲ ਦਸੰਬਰ 2011 ਵਿੱਚ ਗੈਸਟ ਫੈਕਲਟੀ ਯੁਨੀਅਨ ਦੇ ਲਈ ਗਿਦੜਬਾਹਾ ਭੁੱਖ ਹੜਤਾਲ ਤੇ ਬੈਠੇ। ਉਥੇ ਹੀ ਕਿਸਾਨ ਯੂਨੀਅਨ ਅਤੇ ਵਿਦਿਆਰਥੀ ਯੁਨੀਅਨਾਂ ਨਾਲ ਸੰਪਰਕ ਹੋਇਆ, ਉਸ ਤੋਂ ਬਾਅਦ ਲਗਾਤਾਰ ਉਹ ਕਿਸਾਨਾਂ ਤੇ ਵਿਦਿਆਰਥੀਆਂ ਦੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਜ਼ਿਲ੍ਹਾ ਸੰਗਰੂਰ ਦੀ ਗੱਤਕਾ ਐਸੋਸੀਏਸ਼ਨ ਦਾ ਪ੍ਰਧਾਨ ਬਣਨ ਦਾ ਮਾਣ ਹਾਸਲ ਹੋਇਆ। ਅੱਜਕਲ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਹਨ। ਸਕੂਲਾਂ ਦੇ ਸਰਕਾਰ ਨਾਲ ਚੱਲੇ ਸੰਘਰਸ ਵਿੱਚ ਸਕੂਲਾਂ ਦੀ ਸੰਸਥਾ ਰਾਸਾ ਪੰਜਾਬ (ਯੂਕੇ) ਦੇ ਜ਼ਿਲ੍ਹਾ ਸੰਗਰੂਰ ਦੇ ਲੀਗਲ ਐਡਵਾਈਜਰ ਵਜੋਂ ਸੇਵਾ ਨਿਭਾਅ ਰਹੇ ਹਨ।
ਇਸ ਸਮੇਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਚੱਲ ਰਹੇ ਇਸ ਅੰਦੋਲਨ ਵਿੱਚ ਵੀ ਉਹ ਕਿਸੇ ਗੱਲੋਂ ਪਿੱਛੋਂ ਨਹੀਂ ਰਹੇ, ਚਾਹੇ ਉਹ ਪੰਜਾਬ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਉਸ ਵਿੱਚ ਵੀ ਵੱਖ ਵੱਖ ਥਾਵਾਂ ਤੇ ਹਾਜ਼ਰੀ ਲਗਵਾਈ ਅਤੇ ਹੁਣ ਕਿਸਾਨੀ ਸੰਘਰਸ਼ ਵਿੱਚ ਕਾਫੀ ਮਿਹਨਤ ਨਾਲ ਪਿੰਡ ਵਿੱਚ ਕਿਸਾਨ ਯੂਨੀਅਨ ਦੀ ਇਕਾਈ ਬਣਾਈ ਅਤੇ 26 ਨਵੰਬਰ ਤੋਂ ਪਿੰਡ ਮਦੇਵੀ ਦੇ 13 ਨੋਜਵਾਨਾਂ ਦਾ ਜਥਾ ਲੈਕੇ ਦਿੱਲੀ ਦੇ ਬਹਾਦਗੜ ਨੇੜੇ ਟੀਕਰੀ ਬਾਰਡਰ ਤੇ ਆ ਡੇਰੇ ਲਗਾਏ। ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਦੀ ਇਕਾਈ ਦੇ ਬੁਲਾਰੇ ਵਜੋਂ ਵੀ ਸੇਵਾ ਨਿਭਾਅ ਰਹੇ ਹਨ ।
ਇਸ ਸੰਘਰਸ਼ ਵਿੱਚ ਵੀ ਆਪਣੇ ਕਿੱਤੇ ਤੋਂ ਵੀ ਕਦੇ ਮਨਮੁੱਖ ਨਹੀਂ ਹੁੰਦੇ, ਸਗੋਂ ਉਹ ਸੰਘਰਸ਼ ਘੋਲ ਵਿਚ ਸ਼ਾਮਿਲ ਹੋਣ ਦੇ ਨਾਲ ਨਾਲ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਵੀ ਜਾਰੀ ਰੱਖ ਰਹੇ ਹਨ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਜਿਸ ਨਾਲ ਉਹਨਾਂ ਨੇ ਆਪਣੇ ਕੰਮ ਪ੍ਰਤੀ ਮੇਹਨਤ ਤੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਇਸ ਕੰਮ ਦੀ ਪ੍ਰਸੰਸਾ ਕਾਲਜ ਦੇ ਵਾਇਸ ਪ੍ਰਿੰਸੀਪਲ ਤੇ ਹੋਰ ਸਾਥੀਆਂ ਨੇ ਵੀ ਕੀਤੀ।
ਇਸ ਸਵਾਰਥੀ ਦੁਨੀਆਂ ਵਿੱਚ ਇਹੋ ਜਿਹੇ ਲੋਕ ਘੱਟ ਹੀ ਵੇਖਣ ਨੂੰ ਮਿਲਦੇ ਹਨ। ਅਜਕਲ ਸੋਸ਼ਲ ਮੀਡੀਆ ਤੇ ਇਕ ਕੈਨੇਡਾ ਦੇ ਚੈਨਲ ਵੱਲੋਂ ਉਹਨਾਂ ਦੀ ਰਿਕਾਰਡਿੰਗ ਅਤੇ ਆਨਲਾਈਨ ਕਲਾਸਾਂ ਲਗਾਉਣ ਦੀ ਵੀਡੀਓ ਦੀ ਬਹੁਤ ਹੀ ਸ਼ਲਾਘਾ ਹੋ ਰਹੀ ਹੈ। ਅਸੀਂ ਕਾਮਨਾ ਹੈ ਕਿ ਪਰਮਾਤਮਾ ਇਹਨਾਂ ਚੰਗੀ ਸਿਹਤਯਾਬੀ ਬਖਸ਼ੇ ਤਾਂ ਇਹ ਹੋਰਨਾਂ ਲੋਕਾਂ ਲਈ ਪ੍ਰੇਰਨਾ-ਸਰੋਤ ਬਣ ਸਕਣ।
ਅਸਿ. ਪ੍ਰੋ. ਗੁਰਮੀਤ ਸਿੰਘ
9417545100