ਨਵੀਂ ਦਿੱਲੀ (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਹੋਰ ਮੰਗਾਂ ਮਨਵਾਉਣ ਲਈ ਕੌਮੀ ਰਾਜਧਾਨੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਨੇ ਸਰਕਾਰ ਨਾਲ ਮੁੜ ਵਾਰਤਾ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਉਨ੍ਹਾਂ 29 ਦਸੰਬਰ ਨੂੰ ਸਵੇਰੇ 11 ਵਜੇ ਅਗਲੇ ਗੇੜ ਦੀ ਗੱਲਬਾਤ ਲਈ ਪੇਸ਼ਕਸ਼ ਰੱਖੀ ਹੈ। ਇਸ ਤੋਂ ਇਲਾਵਾ ਭਲਕੇ ਅਤੇ 28 ਦਸੰਬਰ ਨੂੰ ਕਿਸਾਨਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ ਜਾਵੇਗਾ। ਉਨ੍ਹਾਂ 30 ਦਸੰਬਰ ਨੂੰ ਕੁੰਡਲੀ-ਮਾਨੇਸਰ-ਪਲਵਲ ਐੱਕਸਪ੍ਰੈੱਸਵੇਅ ’ਤੇ ਟਰੈਕਟਰ ਮਾਰਚ ਦਾ ਸੱਦਾ ਦਿੱਤਾ। ਕਿਸਾਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਸਾਲ ਦਾ ਜਸ਼ਨ ਧਰਨਿਆਂ ’ਚ ਆ ਕੇ ਮਨਾਉਣ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਵੇਕ ਅਰਗਵਾਲ ਨੂੰ ਭੇਜੇ ਗਏ ਪੱਤਰ ਬਾਰੇ ਸਵਰਾਜ ਅਭਿਆਨ ਦੇ ਮੁਖੀ ਯੋਗੇਂਦਰ ਯਾਦਵ ਨੇ ਦੱਸਿਆ ਕਿ ਗੱਲਬਾਤ ਦਾ ਏਜੰਡਾ ਅਤੇ ਤਰਤੀਬ ਕਿਸਾਨਾਂ ਅਨੁਸਾਰ ਹੋਵੇ। ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਨ ਸਬੰਧੀ ਅਪਣਾਈ ਜਾਣ ਵਾਲੀ ਪ੍ਰਕਿਰਿਆ, ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਮਨਜ਼ੂਰੀ ਦੇਣ ਦੀ ਪ੍ਰਕਿਰਿਆ, ਦਿੱਲੀ/ਐੱਨਸੀਆਰ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਪਰਾਲੀ ਬਾਰੇ ਕਾਨੂੰਨ ਵਿੱਚੋਂ ਜੁਰਮਾਨੇ ਆਦਿ ’ਚੋਂ ਕਿਸਾਨਾਂ ਨੂੰ ਬਾਹਰ ਕਰਨ ਅਤੇ ਬਿਜਲੀ ਬਿੱਲ-2020 ਦੇ ਖਰੜੇ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਤਬਦੀਲੀ ਬਾਰੇ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਦੁਹਰਾਇਆ, ‘‘ਕਿਸਾਨ ਸੰਗਠਨ ਖੁੱਲ੍ਹੇ ਮਨ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਹਨ ਅਤੇ ਅੱਗੇ ਵੀ ਰਹਿਣਗੇ।’’ ਕਿਸਾਨ ਆਗੂ ਦਰਸ਼ਨ ਪਾਲ ਨੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਕੁਝ ਹੋਰ ਐਲਾਨ ਵੀ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਾਂਗ ਹੁਣ ਹਰਿਆਣਾ ਦੇ ਟੌਲ ਪਲਾਜ਼ੇ ਵੀ ਪੱਕੇ ਤੌਰ ’ਤੇ ਪਰਚੀ ਤੋਂ ਮੁਕਤ ਰਹਿਣਗੇ। ਇਸ ਤੋਂ ਇਲਾਵਾ 27 ਅਤੇ 28 ਦਸੰਬਰ ਨੂੰ ਦਿੱਲੀ ਦੇ ਪੰਜ ਮੁੱਖ ਮਾਰਗਾਂ ’ਤੇ ਚੱਲ ਰਹੇ ਧਰਨਿਆਂ ’ਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਕਿਸਾਨਾਂ ਵੱਲੋਂ 30 ਦਸੰਬਰ ਨੂੰ ਕੁੰਡਲੀ-ਮਾਨੇਸਰ-ਪਲਵਲ ਤੋਂ ਸ਼ਾਹਜਹਾਂਪੁਰ (ਦਿੱਲੀ-ਰਾਜਸਥਾਨ ਹੱਦ) ਰਾਜਮਾਰਗ ’ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਦਿੱਲੀ ਅਤੇ ਮੁਲਕ ਦੇ ਹੋਰ ਹਿੱਸਿਆਂ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਇਥੇ ਆ ਕੇ ਅੰਦੋਲਨਕਾਰੀ ਕਿਸਾਨਾਂ ਨਾਲ ਨਵੇਂ ਵਰ੍ਹੇ ਦੇ ਜਸ਼ਨ ਮਨਾਉਣ ਅਤੇ ਕੌਮੀ ਮਾਰਗ ’ਤੇ ਬਣਿਆ ਲੰਗਰ ਛੱਕਣ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਵੀ ਮਨਾਇਆ ਜਾਵੇਗਾ। ਇਕ ਹੋਰ ਕਿਸਾਨ ਆਗੂ ਰਾਜਿੰਦਰ ਸਿੰਘ ਨੇ ਕਿਹਾ,‘‘ਅਸੀਂ ਸਿੰਘੂ ਤੋਂ ਟਿਕਰੀ
ਅਤੇ ਫਿਰ ਕੁੰਡਲੀ-ਮਾਨੇਸਰ-ਪਲਵਲ ਰਾਜਮਾਰਗ ਵੱਲ ਮਾਰਚ ਕੱਢਾਂਗੇ। ਜੇਕਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਰਾਜਮਾਰਗ ਜਾਮ ਨਾ ਕਰਨ ਤਾਂ ਉਸ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ।’’ ਉਨ੍ਹਾਂ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਆਪਣੀਆਂ ਟਰਾਲੀਆਂ ਅਤੇ ਟਰੈਕਟਰਾਂ ਨਾਲ ਵੱਡੀ ਗਿਣਤੀ ’ਚ ਇਥੇ ਪਹੁੰਚਣ ਦੀ ਅਪੀਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਇਛੁੱਕ ਹੈ ਅਤੇ ਉਨ੍ਹਾਂ 29 ਦਸੰਬਰ ਨੂੰ ਵਾਰਤਾ ਦੀ ਤਜਵੀਜ਼ ਭੇਜੀ ਹੈ। ‘ਹੁਣ ਗੇਂਦ ਸਰਕਾਰ ਦੇ ਪਾਲੇ ’ਚ ਹੈ ਕਿ ਉਹ ਗੱਲਬਾਤ ਦਾ ਸੱਦਾ ਕਦੋਂ ਭੇਜਦੀ ਹੈ।’ ਪ੍ਰੈੱਸ ਕਾਨਫਰੰਸ ਦੌਰਾਨ ਬਲਬੀਰ ਸਿੰਘ ਰਾਜੇਵਾਲ, ਰਾਜਸਥਾਨ ਤੋਂ ਕਿਸਾਨ ਆਗੂ ਰਣਜੀਤ ਸਿੰਘ ਰਾਜੂ, ਜਗਮੋਹਨ ਸਿੰਘ, ਸ਼ਿਵ ਕੁਮਾਰ ਕੱਕਾ ਅਤੇ ਹੋਰ ਆਗੂ ਵੀ ਸ਼ਾਮਲ ਸਨ।