ਕਿਸਾਨਾਂ ਵੱਲੋਂ ਵਖਰੇਵੇਂ ਛੱਡ ਕੇ ਸਾਂਝ ਉਸਾਰਨ ਦਾ ਸੱਦਾ

ਨਵੀਂ ਦਿੱਲੀ (ਸਮਾਜ ਵੀਕਲੀ) : ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਲਾਏ ਗਏ ਮੋਰਚਿਆਂ ’ਚ ਅੱਜ ਭਗਤ ਰਵਿਦਾਸ ਜੈਅੰਤੀ ਮਨਾਈ ਗਈ ਅਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਯਾਦ ਕੀਤਾ ਗਿਆ। ਚੰਦਰ ਸ਼ੇਖਰ ਆਜ਼ਾਦ ਅੰਗਰੇਜ਼ਾਂ ਖ਼ਿਲਾਫ਼ ਆਜ਼ਾਦੀ ਦੀ ਲੜਾਈ ਦੌਰਾਨ ਕੁਰਬਾਨ ਹੋਏ ਸਨ। ਸਿੰਘੂ ਬਾਰਡਰ ’ਤੇ ਭਗਤ ਰਵਿਦਾਸ ਨੂੰ ਸਮਰਪਿਤ ਨਗਰ ਕੀਰਤਨ ਵੀ ਕੱਢਿਆ ਗਿਆ। ਦੇਸ਼ ਭਰ ਵਿੱਚ ਜਿੱਥੇ ਵੀ ਕਿਸਾਨ ਮੋਰਚੇ ਚੱਲ ਰਹੇ ਹਨ, ਉੱਥੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਭਗਤ ਰਵਿਦਾਸ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਕਿਹਾ ਗਿਆ। ਬੁਲਾਰਿਆਂ ਨੇ ਜਾਤ-ਪਾਤ, ਫਿਰਕੂ ਅਤੇ ਧਾਰਮਿਕ ਵੰਡੀਆਂ ਤੋਂ ਉਪਰ ਉੱਠ ਕੇ ਸਾਂਝੀਵਾਲਤਾ ਦੀਆਂ ਲੀਹਾਂ ਵਾਲਾ ਸਮਾਜ ਸਿਰਜਣ ਲਈ ਸਿਰ ਜੋੜ ਕੇ ਬੈਠਣ ਉਪਰ ਜ਼ੋਰ ਦਿੱਤਾ।

ਬੁਲਾਰਿਆਂ ਨੇ ਭਗਤ ਰਵਿਦਾਸ ਦੀ ਵਿਚਾਰਧਾਰਾ ਅਤੇ ਬੇਗਮਪੁਰੇ ਦੇ ਸਿਧਾਂਤ ਬਾਰੇ ਚਰਚਾ ਕੀਤੀ। ਉਨ੍ਹਾਂ ਬੇਗਮਪੁਰੇ ਨੂੰ ਕੇਂਦਰ ਬਿੰਦੂ ਵਿੱਚ ਰਖਦਿਆਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਸੰਘਰਸ਼ ਭਰੇ ਔਖੇ ਜੀਵਨ ਨੂੰ ਰੇਖਾਂਕਿਤ ਕੀਤਾ। ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਮਜ਼ਦੂਰ ਕਿਸਾਨ ਏਕਤਾ ਦਿਵਸ ਮਨਾ ਕੇ ਖੇਤੀ ਕਾਨੂੰਨਾਂ ਦੇ ਹਰ ਵਰਗ ਉਪਰ ਪੈਣ ਵਾਲੇ ਮਾਰੂ ਅਸਰ ਨੂੰ ਰੋਕਣ ਲਈ ਮੋਰਚੇ ਦੇ ਫੈਲਾਅ ਅਤੇ ਹਰ ਸ਼ੋਸ਼ਿਤ ਵਰਗ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੈ। ਅੰਬੇਦਕਰ ਵਿਦਿਆਰਥੀ ਸੰਸਥਾ ਵੱਲੋਂ ਗੁਰਦੀਪ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੀ ਗੁਰੂ ਰਵਿਦਾਸ ਧਰਮ ਸੰਸਥਾ ਅਤੇ ਹੋਰ ਸੰਸਥਾਵਾਂ ਦੇ ਸੱਦੇ ’ਤੇ ਦਲਿਤ ਭਾਈਚਾਰੇ ਦੀਆਂ ਕਈ ਸੰਸਥਾਵਾਂ ਨੇ ਮੋਰਚਿਆਂ ਵਿੱਚ ਸ਼ਿਰਕਤ ਕੀਤੀ।

ਨੌਜਵਾਨਾਂ ਨੇ ਕਿਹਾ ਕਿ ਸਾਂਝ ਦਾ ਇਹ ਸੁਨੇਹਾ ਇਸ ਮੋਰਚੇ ਤੱਕ ਹੀ ਸੀਮਿਤ ਨਾ ਰਹੇ ਸਗੋਂ ਪੰਜਾਬ ਸਮੇਤ ਹੋਰ ਰਾਜਾਂ ਵਿੱਚ ਵੀ ਇਹ ਫੈਲਾਇਆ ਜਾਣਾ ਚਾਹੀਦਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਕਿਸਾਨ ਮੋਰਚਿਆਂ ਉਪਰ ਮਜ਼ਦੂਰ-ਕਿਸਾਨ ਏਕਤਾ ਦੀ ਆਵਾਜ਼ ਬੁਲੰਦ ਹੋਈ ਅਤੇ  ਕਿਰਤੀ/ਮਜ਼ਦੂਰ ਜਥੇਬੰਦੀਆਂ ਨੇ ਇਸ ਨੂੰ ਸਾਂਝਾ ਸੰਘਰਸ਼ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੋਨੀਪਤ ਦੇ ਗੋਹਾਣਾ ’ਚ 35 ਕਿਲੋਮੀਟਰ ਲੰਬੀ ਟਰੈਕਟਰ ਟਰਾਲੀ ਰੈਲੀ ਕੱਢੀ ਗਈ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲੀਸ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜੋ ਕਾਰਨ ਦੱਸੋ ਨੋਟਿਸ ਭੇਜੇ ਗਏ ਸਨ, ਉਨ੍ਹਾਂ ਦੇ ਜਵਾਬ ਪੁਲੀਸ ਨੂੰ ਭੇਜ ਦਿੱਤੇ ਗਏ ਹਨ।

Previous articleਭਾਜਪਾ ਅਤੇ ਸੰਘ ਨੇ ਸੰਵਿਧਾਨਕ ਸੰਸਥਾਵਾਂ ਨੂੰ ਢਾਹ ਲਗਾਈ: ਰਾਹੁਲ
Next articleਕਿਸਾਨਾਂ ਤੇ ਕਾਮਿਆਂ ਦੇ ਹੱਕਾਂ ਲਈ ਅਖੀਰ ਤੱਕ ਲੜਦੀ ਰਹਾਂਗੀ: ਨੌਦੀਪ ਕੌਰ