ਕਿਸਾਨਾਂ ਤੇ ਕਾਮਿਆਂ ਦੇ ਹੱਕਾਂ ਲਈ ਅਖੀਰ ਤੱਕ ਲੜਦੀ ਰਹਾਂਗੀ: ਨੌਦੀਪ ਕੌਰ

ਨਵੀਂ ਦਿੱਲੀ (ਸਮਾਜ ਵੀਕਲੀ) : ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਮਜ਼ਦੂਰ ਆਗੂ ਤੇ ਕਾਰਕੁਨ ਨੌਦੀਪ ਕੌਰ ਜ਼ਮਾਨਤ ਮਿਲਣ ਬਾਅਦ ਅੱਜ ਇੱਥੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਪੁੱਜੀ। ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਉਸ ਨੇ ਕਿਹਾ ਕਿ ਉਹ ਕਿਸਾਨਾਂ ਤੇ ਕਾਮਿਆਂ ਦੇ ਹੱਕਾਂ ਲਈ ਅਖੀਰ ਤੱਕ ਲੜਦੀ ਰਹੇਗੀ। ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਨਹੀਂ ਬਲਕਿ ਛੋਟੇ ਕਿਸਾਨਾਂ, ਕਾਮਿਆਂ ਤੇ ਆਮ ਲੋਕਾਂ ਦਾ ਵੀ ਹੈ।

ਇਸ ਅੰਦੋਲਨ ’ਚ ਸ਼ਾਮਲ ਹਰ ਵਿਅਕਤੀ ਸਰਕਾਰ ਦੀ ਰਾਜਨੀਤੀ ਤੋਂ ਅੱਕ ਚੁੱਕਾ ਹੈ, ਇਹ ਉਨ੍ਹਾਂ ਦਾ ਅੰਦੋਲਨ ਹੈ। ਭਾਵੇਂ   ਸਰਕਾਰ ਕਿੰਨੇ ਵੀ ਕਾਨੂੰਨ ਲੈ ਆਵੇ, ਉਸ ਨੂੰ ਇਹ ਵਾਪਸ ਲੈਣੇ ਹੀ ਪੈਣਗੇ। ਉਸ ਨੇ ਕਿਹਾ ਕਿ ਅੱਜ ਜਦੋਂ ਮਜ਼ਦੂਰ ਆਪਣੇ ਹੱਕਾਂ ਲਈ ਧਰਨਾ ਦੇ ਰਹੇ ਹਨ ਤਾਂ ਸਵਾਲ ਕੀਤੇ ਜਾ ਰਹੇ ਹਨ, ਜਦਕਿ ਮਜ਼ਦੂਰਾਂ ਦੇ ਹੱਕਾਂ ਦਾ ਘਾਣ ਕਰਨ ਵਾਲਿਆਂ ਵੱਲ ਕੋਈ ਉਂਗਲ ਨਹੀਂ ਚੁੱਕੀ ਜਾਂਦੀ। ਉਸ ਨੇ ਦੱਸਿਆ ਕਿ ਲੌਕਡਾਊਨ ਮਗਰੋਂ ਸਨਅਤਕਾਰਾਂ ਨੇ ਮਜ਼ਦੂਰਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਮਜ਼ਦੂਰਾਂ ਵੱਲੋਂ ਯੂਨੀਅਨ ਬਣਾਉਣ ਤੋਂ ਸਨਅਤਕਾਰ ਔਖੇ ਹੋ ਗਏ।

ਕਿਸਾਨਾਂ ਨੇ ਸਿੰਘੂ ਬਾਰਡਰ ਉਪਰ ਆਪਣੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਤਾਂ ਮਜ਼ਦੂਰਾਂ ਦਾ ਵੀ ਹੌਸਲਾ ਵਧਿਆ। ਉਸ ਨੇ ਕਿਹਾ ਕਿ ਕੰਪਨੀ ਨਾਲ ਟਕਰਾਅ ਹੋਇਆ ਤਾਂ ਪੁਲੀਸ ਨੇ ਸ਼ਿਵ ਕੁਮਾਰ ਤੇ ਉਸ ਖ਼ਿਲਾਫ਼ਕੇਸ ਦਰਜ ਕਰ ਲਿਆ। ਨੌਦੀਪ ਨੇ ਦੋਸ਼ ਲਾਇਆ ਕਿ ਉਸ ਦੀ ਗ੍ਰਿਫ਼ਤਾਰੀ ਸਮੇਂ ਪੁਲੀਸ ਅਧਿਕਾਰੀ ਉਸ ਨੂੰ ਸੁੰਨਸਾਨ ਇਲਾਕੇ ’ਚ ਲੈ ਗਏ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ। ਉਸ ਨੂੰ ਪੁਲੀਸ ਸਟੇਸ਼ਨ ਤੱਕ ਲਿਜਾਣ ਸਮੇਂ ਕੋਈ ਵੀ ਮਹਿਲਾ ਪੁਲੀਸ ਅਧਿਕਾਰੀ ਮੌਜੂਦ ਨਹੀਂ ਸੀ। ਉਸ ਨੂੰ ਵਾਲਾਂ ਤੋਂ ਖਿੱਚਿਆ ਤੇ ਪੁਰਸ਼ ਪੁਲੀਸ ਅਧਿਕਾਰੀਆਂ ਨੇ ਕਥਿਤ ਕੁੱਟਮਾਰ ਦੌਰਾਨ ਉਸ ਦੇ ਗੁਪਤ ਅੰਗਾਂ ’ਤੇ ਸੱਟਾਂ ਮਾਰੀਆਂ।

Previous articleਕਰਨਾਟਕ ਦੇ ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ
Next articleਦੁਵੱਲੇ ਸਬੰਧਾਂ ਵਿੱਚ ਬਿਹਤਰੀ ਲਈ ਭਾਰਤ ਢੁੱਕਵਾਂ ਮਾਹੌਲ ਬਣਾਏ: ਇਮਰਾਨ ਖਾਨ