ਕਿਸਾਨਾਂ ਵੱਲੋਂ ਜੰਗਲਾਤ ਵਿਭਾਗ ’ਤੇ ਧੱਕੇਸ਼ਾਹੀ ਦਾ ਦੋਸ਼

ਮਾਛੀਵਾੜਾ (ਸਮਾਜਵੀਕਲੀ): ਜੰਗਲਾਤ ਵਿਭਾਗ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਸਤਲੁਜ ਦਰਿਆ ਦੇ ਆਸ-ਪਾਸ ਆਪਣੀ ਮਾਲਕੀ ਵਾਲੀ ਜ਼ਮੀਨ ’ਤੇ ਕਬਜ਼ਾ ਕਰ ਕੰਡਿਆਲੀ ਤਾਰ ਲਗਾਈ ਜਾ ਰਹੀ ਹੈ। ਇਸ ਤਹਿਤ ਅੱਜ ਵਿਭਾਗ ਦੇ ਅਧਿਕਾਰੀ ਪਿੰਡ ਉਧੋਵਾਲ ਖੁਰਦ ਵਿੱਚ ਜ਼ਮੀਨ ’ਤੇ ਕਬਜ਼ਾ ਲੈਣ ਲਈ ਆਏ, ਜਿਸ ਦਾ ਕਿਸਾਨਾਂ ਨੇ ਵਿਰੋਧ ਕੀਤਾ।

ਪਿੰਡ ਉਧੋਵਾਲ ਖੁਰਦ ਦੇ ਨਿਵਾਸੀ ਅਵਤਾਰ ਸਿੰਘ ਸਮੇਤ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਸਤਲੁਜ ਦਰਿਆ ਦੇ ਬਾਹਰ ਅਤੇ ਅੰਦਰ ਬੰਜਰ ਪਈ ਜ਼ਮੀਨ ਨੂੰ ਬੜੀ ਮੁਸ਼ੱਕਤ ਨਾਲ ਵਾਹੀਯੋਗ ਬਣਾਇਆ, ਜਿਸ ਕਾਰਨ ਉਨ੍ਹਾਂ ਨੂੰ ਮਾਲ ਵਿਭਾਗ ਦੇ ਰਿਕਾਰਡ ’ਚ ਵੀ ਕਾਸ਼ਤਕਾਰ ਵਜੋਂ ਹੱਕ ਮਿਲੇ ਹੋਏ ਹਨ।

ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਬਿਨਾਂ ਕੋਈ ਨੋਟਿਸ ਦਿੱਤੇ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਘਰਾਂ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਜੰਗਲਾਤ ਵਿਭਾਗ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ’ਤੇ ਉਹ ਪਿਛਲੇ 50 ਸਾਲਾਂ ਤੋਂ ਖੇਤੀ ਕਰ ਰਹੇ ਹਨ, ਉਹ ਮਾਲ ਵਿਭਾਗ ਦੇ ਰਿਕਾਰਡ ਪ੍ਰੀਵੈਸ਼ਨਲ ਸਰਕਾਰ ਦੇ ਨਾਂ ’ਤੇ ਹੈ ਜਦਕਿ ਗਿਰਦਾਵਰੀਆਂ ਤੇ ਕਾਸ਼ਤਕਾਰਾਂ ਦੇ ਹੱਕ ਕਿਸਾਨਾਂ ਨੂੰ   ਦਿੱਤੇ ਗਏ ਹਨ।

ਕਿਸਾਨਾਂ ਨੇ ਪੱਤਰਕਾਰਾਂ ਨੂੰ ਆਪਣੇ ਦਸਤਾਵੇਜ਼ ਦਿਖਾਉਂਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੀਆਂ ਜ਼ਮੀਨਾਂ ’ਤੇ ਮਾਲ ਵਿਭਾਗ ਨੇ ਉਨ੍ਹਾਂ ਨੂੰ ਕਾਸ਼ਤਕਾਰੀ ਦੇ ਹੱਕ ਦਿੱਤੇ ਹਨ, ਉਸ ਨੂੰ ਨਾ ਉਜਾੜਿਆ ਜਾਵੇ।

Previous articleਦਰਜਾ ਚਾਰ ਕਾਮਿਆਂ ਵੱਲੋਂ ਸਰਕਾਰ ਨੂੰ ਅਲਟੀਮੇਟਮ
Next articleਦਿਲਜੀਤ ਦੁਸਾਂਝ ਤੇ ਜੈਜ਼ੀ ਬੀ ਖ਼ਿਲਾਫ਼ ਸ਼ਿਕਾਇਤ