ਕਿਸਾਨਾਂ ਨੂੰ ਰੋਕਣ ਲਈ ‘ਕੰਡਿਆਲੀ ਕੰਧ’ ਖੜ੍ਹੀ ਕੀਤੀ

ਨਵੀਂ ਦਿੱਲੀ (ਸਮਾਜ ਵੀਕਲੀ): ਖੇਤੀ ਕਾਨੂੰਨਾਂ ਦਾ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ’ਤੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਪੁਲੀਸ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲੀਸ ਨੇ ਟਿਕਰੀ ਤੋਂ ਬਾਅਦ ਹੁਣ ਸਿੰਘੂ ਤੇ ਗਾਜ਼ੀਪੁਰ ਦੇ ਧਰਨਿਆਂ ਵੱਲ ਜਾਂਦੇ ਰਾਹਾਂ ਵਿਚ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਹਨ ਤਾਂ ਕਿ ਕਿਸਾਨ ਦਿੱਲੀ ਵਿੱਚ ਦਾਖ਼ਲ ਨਾ ਹੋ ਸਕਣ।

ਦਿੱਲੀ ਪੁਲੀਸ ਵੱਲੋਂ ਕੀਤੇ ਸੁਰੱਖਿਆ ਬੰਦੋਬਸਤਾਂ ’ਤੇ ਕਾਂਗਰਸੀ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਤਿੱਖੇ ਵਿਅੰਗ ਕੱਸੇ ਹਨ। ਪ੍ਰਿਯੰਕਾ ਨੇ ਕਿਹਾ, ‘ਪ੍ਰਧਾਨ ਮੰਤਰੀ ਜੀ, ਆਪਣੇ ਹੀ ਕਿਸਾਨਾਂ ਨਾਲ ਯੁੱਧ?’ ਰਾਹੁਲ ਗਾਂਧੀ ਨੇ ਚਾਰ ਫੋਟੋਆਂ ਸਾਂਝੀਆਂ ਕੀਤੀਆਂ ਤੇ ਕੇਂਦਰ ਸਰਕਾਰ ਨੂੰ ਚੋਭ ਲਾਈ ਕਿ ‘ਭਾਰਤ ਸਰਕਾਰ ਪੁਲ਼ ਬਣਾਉਂਦੀ ਹੈ ਨਾ ਕਿ ਕੰਧਾਂ (ਰੋਕਾਂ) ਉਸਾਰਦੀ ਹੈ।’ ਪ੍ਰਿਯੰਕਾ ਗਾਂਧੀ ਨੇ ਵੀ ਗਾਜ਼ੀਪੁਰ ਬਾਰਡਰ ਦੀ ਇਕ ਵੀਡੀਓ ਕਲਿੱਪ ਸਾਂਝੀ ਕੀਤੀ ਜਿਸ ਵਿੱਚ ਅਰਧ ਸੈਨਿਕ ਬਲਾਂ ਦੀ ਮੌਜੂਦਗੀ ਵਿੱਚ ਦਿੱਲੀ ਪੁਲੀਸ ਨੇ ਦਿੱਲੀ-ਗਾਜ਼ੀਆਬਾਦ ਮਾਰਗ ’ਤੇ ਮਜ਼ਬੂਤ ਰੋਕਾਂ ਲਾ ਕੇ ਆਮ ਲੋਕਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਹੈ।

ਪੁਲੀਸ ਨੇ ਸੀਮਿੰਟ ਦੇ ਵੱਡੇ ਬਲਾਕ ਸੜਕਾਂ ’ਤੇ ਧਰ ਕੇ ਉੱਪਰ ਕੰਡਿਆਲੀ ਤਾਰ ਬੰਨ੍ਹ ਦਿੱਤੀ ਹੈ। ਸੜਕਾਂ ਪੁੱਟ ਕੇ ਉਨ੍ਹਾਂ ਉਪਰ ਲੋਹੇ ਦੇ ਮੋਟੇ ਤਿੱਖੇ ਕਿੱਲ ਸੀਮਿੰਟ ਨਾਲ ਜੜ ਦਿੱਤੇ ਗਏ ਹਨ ਤਾਂ ਕਿ ਕਿਸਾਨ ਟਰੈਕਟਰ ਜਾਂ ਹੋਰ ਕੋਈ ਗੱਡੀ ਲੈ ਕੇ ਦਿੱਲੀ ਵੱਲ ਨਾ ਵਧ ਸਕਣ। ਸੀਮਿੰਟ ਦੇ ਬਲਾਕਾਂ ਨੂੰ ਸਰੀਏ ਪਾ ਦਿੱਤੇ ਹਨ। ਮੋਰਚਿਆਂ ਨੂੰ ਜਾਂਦੇ ਛੋਟੇ ਰਾਹਾਂ ਉਪਰ ਰੋਕਾਂ ਲਾ ਦਿੱਤੀਆਂ ਗਈਆਂ ਹਨ ਜਾਂ ਡੂੰਘੇ ਟੋਏ ਪੁੱਟ ਦਿੱਤੇ ਹਨ। ਸਿੰਘੂ ਬਾਰਡਰ ’ਤੇ ਤਾਂ ਮੀਡੀਆ ਕਰਮੀ ਵੀ ਨਹੀਂ ਜਾ ਸਕਦੇ। ਸਿੰਘੂ ਵੱਲ ਪੈਦਲ ਜਾਣ ਦੇ ਰਾਹ ਵੀ ਬੰਦ ਕਰ ਦਿੱਤੇ ਗਏ ਹਨ।

Previous articleਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਮਗਰੋਂ ਹੀ ਗੱਲਬਾਤ
Next articleਰੱਖਿਆ ਖੇਤਰ ’ਚ ਦੂਜੇ ਮੁਲਕਾਂ ’ਤੇ ਨਿਰਭਰ ਨਹੀਂ ਕਰ ਸਕਦੇ: ਰਾਜਨਾਥ