ਮਾਨਸਾ (ਸਮਾਜ ਵੀਕਲੀ) : ‘ਜੇਕਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਚੁੰਗਲ ਤੋਂ ਬਚਾਉਣਾ ਹੈ ਤਾਂ ਦੇਸ਼ ਨੂੰ ਭਾਜਪਾ ਮੁਕਤ ਕਰਨਾ ਹੋਵੇਗਾ।’ ਇਹ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨਾਲ ਆਲ ਇੰਡੀਆ ਕਿਸਾਨ ਮਹਾਸਭਾ ਦੇ ਕੌਮੀ ਮੀਤ ਪ੍ਰਧਾਨ ਪ੍ਰੇਮ ਸਿੰਘ ਗਹਿਲਾਵਤ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਵੀ ਹਾਜ਼ਰ ਸਨ।
ਰੁਲਦੂ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਜਿਵੇਂ ਸਭ ਕੁਝ ਅੰਬਾਨੀਆਂ-ਅਡਾਨੀਆਂ ਨੂੰ ਸੌਂਪਿਆ ਜਾ ਰਿਹਾ ਹੈ, ਉਸ ਨਾਲ ਜਲਦੀ ਹੀ ਹਿੰਦੁਸਤਾਨ, ਮੋਦੀਸਤਾਨ ਬਣ ਕੇ ਕੰਪਨੀਆਂ ਦਾ ਗੁਲਾਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਰੇਲਵੇ, ਪੈਟਰੋਲੀਅਮ, ਖਾਦ, ਹਵਾਈ ਅੱਡੇ, ਬੈਂਕ, ਵਿੱਦਿਆ, ਸਿਹਤ ਸਹੂਲਤਾਂ, ਦੂਰ ਸੰਚਾਰ ਆਦਿ ਨੂੰ ਇੱਕ-ਇੱਕ ਕਰਕੇ ਨਿੱਜੀ ਹੱਥਾਂ ਵਿੱਚ ਸੌਂਪ ਰਹੀ ਹੈ ਅਤੇ ਹੁਣ ਉਸ ਦੀ ਅੱਖ ਖੇਤੀ ’ਤੇ ਹੈ, ਜਿਸ ਨੂੰ ਕੇਂਦਰ ਸਰਕਾਰ ਕਿਸਾਨਾਂ ਤੋਂ ਖੋਹ ਕੇ ਆਪਣੇ ਚਹੇਤਿਆਂ ਨੂੰ ਸੌਂਪਣਾ ਚਾਹੁੰਦੀ ਹੈ।
ਕਿਸਾਨ ਆਗੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਆਮ ਲੋਕਾਂ ’ਚ ਦਿਨੋਂ-ਦਿਨ ਭਖ਼ ਰਹੇ ਰੋਹ ਤੋਂ ਜਾਪਦਾ ਹੈ ਕਿ ਕਿਸਾਨਾਂ-ਮਜ਼ਦੂਰਾਂ ਦੀ ਹੋਂਦ ਦਾ ਇਹ ਸੰਘਰਸ਼ ਛੇਤੀ ਹੀ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਸਬੰਧੀ ਮੜ੍ਹੀਆਂ ਜਾ ਰਹੀਆਂ ਸ਼ਰਤਾਂ ਕਿਸਾਨ ਜਥੇਬੰਦੀਆਂ ਬਿਲਕੁਲ ਪ੍ਰਵਾਨ ਨਹੀਂ ਕਰਨਗੀਆਂ।