ਕਿਸਾਨ ਅਤੇ ਮਜ਼ਦੂਰ ਦੇ ਹੱਕਾਂ ਲਈ ਹਰ ਸੰਘਰਸ਼ ਲੜਾਂਗੇ – ਸੱਜਣ ਚੀਮਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਿਸਾਨ ਅਤੇ ਮਜ਼ਦੂਰ ਦੇਸ਼ ਦੀ ਉਨਤੀ ਲਈ ਰੀੜ੍ਹ ਦੀ ਹੱਡੀ ਨੇ ਓਹਨਾ ਦੇ ਹੱਕਾਂ ਲਈ ਓਹ ਹਰ ਤਰ੍ਹਾਂ ਦਾ ਸੰਘਰਸ਼ ਲੜਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਤੋਂ ਸੀਨੀਅਰ ਆਕਾਲੀ ਆਗੂ ਸੱਜਣ ਸਿੰਘ ਚੀਮਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਖਿਲਾਫ਼ ਖੇਤੀ ਬਿੱਲ ਪਾਸ ਕਰ ਕੇ ਜੋ ਡੂੰਘੀ ਸਿਆਸੀ ਚਾਲ ਖੇਡੀ ਹੈ ਦੇ ਖਿਲਾਫ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਅਰੰਭੇ ਸੰਘਰਸ਼ ਦੀ ਓਹ ਪੁਰਜੋਰ ਹਮਾਇਤ ਕਰਦੇ ਹਨ।ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਦੇ 70 ਫ਼ੀਸਦੀ ਤੋਂ ਵੱਧ ਲੋਕ ਖੇਤੀ ਧੰਦੇ ਨਾਲ ਜੁੜੇ ਹਨ ਜਿਹਨਾਂ ਦੇ ਹੱਕਾਂ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਕੇਂਦਰ ਦੀ ਮੋਦੀ ਸਰਕਾਰ ਨੇ ਸਰਮਾਏਦਾਰਾਂ ਨੂੰ ਆਰਥਿਕ ਲਾਭ ਦੇਣ ਦੇ ਮਨਸ਼ੇ ਨਾਲ ਜੋ ਖੇਤੀਬਾੜੀ ਬਿਲ ਪਾਸ ਕਰਵਾਏ ਹਨ ਨੂੰ ਰੱਦ ਕਰਵਾਉਣ ਲਈ ਉਹ ਇੱਕ ਸਾਂਝੇ ਤੌਰ ਤੇ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫਰੰਟ ਤੋਂ ਜੋਰਦਾਰ ਸੰਘਰਸ਼ ਲੜਨਗੇ।
ਸੀਨੀਅਰ ਅਕਾਲੀ ਆਗੂ ਅਤੇ ਕਾਸ਼ਤਕਾਰ ਨਰਿੰਦਰ ਸਿੰਘ ਖਿੰਡਾ , ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਬਲਵੀਰ ਸਿੰਘ ਮਸੀਤਾਂ, ਜ਼ਿਲ੍ਹਾ ਯੂਥ ਅਕਾਲੀ ਨੇਤਾ ਅਤੇ ਸਾਬਕਾ ਸਰਪੰਚ ਸਤਵਿੰਦਰ ਸਿੰਘ ਉਰਫ਼ ਸੱਤਾ ਸਾਬੂਵਾਲ , ਰਜਿੰਦਰ ਸਿੰਘ ਜੈਨਪੁਰ , ਲਵਪ੍ਰੀਤ ਸਿੰਘ ਡਡਵਿੰਡੀ, ਡਾ. ਬਲਜੀਤ ਸਿੰਘ ਕਮਾਲਪੁਰ, ਆਦਿ ਨੇ ਸਾਂਝੇ ਤੌਰ ਉੱਤੇ ਕਿਹਾ ਕਿ ਦੇਸ਼ ਦੇ ‘ਅੰਨਦਾਤਾ ‘ ਨੂੰ ਹੱਦੋਂ ਵੱਧ ਪ੍ਰੇਸ਼ਾਨ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੀ ਭਾਜਪਾ ਪਾਰਟੀ ਦੇ ਕਿਸੇ ਵੀ ਵਰਕਰ ਨੂੰ ਕਿਸਾਨ, ਮਜ਼ਦੂਰ ਅਤੇ ਦੇਸ਼ ਦਾ ਹਰ ਵਰਗ ਮੂੰਹ ਨਾ ਲਾਵੇ , ਕਿਉਂਕਿ ਜੇ ਅੱਜ ਕਿਸਾਨ ,ਮਜ਼ਦੂਰ ਸੜਕਾਂ ਤੇ ਆਪਣੇ ਹੱਕਾਂ ਲਈ ਸੰਘਰਸ਼ ਲੜ ਰਿਹਾ ਹੈ ਤਾਂ ਉਸ ਦੀ ਜ਼ਿੰਮੇਵਾਰ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਹੈ।