ਪਰਕਸ ਵੱਲੋਂ ਸ. ਮੋਹਨ ਸਿੰਘ ਰਾਹੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ (ਸਮਾਜ ਵੀਕਲੀ) :- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਦੇ ਮਾਲਕ ਸ. ਮੋਹਨ ਸਿੰਘ ਰਾਹੀ  ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੈਸ ਸਕੱਤਰ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ, ਸਕੱਤਰ ਗੁਰਮੀਤ ਪਲਾਹੀ ਤੇ ਬੋਰਡ ਦੇ ਡਾਇਰੈਟਰ ਡਾ. ਬ੍ਰਿਜਪਾਲ ਸਿੰਘ, ਸ੍ਰੀ ਮਤੀ ਜਸਬੀਰ ਕੌਰ, ਡਾ. ਬੂਟਾ ਸਿੰਘ ਬਰਾੜ, ਡਾ. ਸੁਰਿੰਦਰਪਾਲ ਸਿੰਘ ਮੰਡ,ਸ੍ਰੀ ਹਰਜਿੰਦਰ ਸਿੰਘ ਸੂਰਜੇਵਾਲੀਆ ਤੇ ਡਾ. ਜੀਤ ਸਿੰਘ ਜੋਸ਼ੀ  ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ  ਉਹ ਬਹੁਤ ਹੀ ਮਿਲਾਪੜੇ  ਸੁਭਾਅ ਤੇ  ਅਗਾਂਹ ਵਧੂ ਖਿਆਲਾਂ ਦੇ ਮਾਲਕ ਸਨ। ਉਨ੍ਹਾਂ ਨੇ ਕਾਮਰੇਡ ਸਤਪਾਲ ਡਾਂਗ ਤੇ ਬੀਬੀ ਵਿਮਲਾ ਡਾਂਗ ਦੀ ਅਗਵਾਈ ਵਿਚ ਟੈਕਸਟਾਇਲ ਯੂਨੀਅਨ ਵਿਚ  ਕੰਮ ਕੀਤਾ।ਇਹੋ ਕਾਰਨ ਸੀ ਉਨ੍ਹਾਂ ਦੀ ਬੀਬੀ ਬੀਰ ਕਲਸੀ ਤੇ ਉਨ੍ਹਾਂ ਦੇ ਪਤੀ ਸ. ਪ੍ਰੀਤਮ ਸਿੰਘ ਕਲਸੀ ਤੇ ਹੋਰ ਕਮਿਊਨਿਸਟ ਆਗੂਆਂ ਨਾਲ ਬਹੁਤ ਸਾਂਝ ਸੀ।

ਜਿਥੋਂ ਤੀਕ ਕਿਤਾਬਾਂ ਛਾਪਣ ਦਾ ਸਬੰਧ ਹੈ ,ਉਨ੍ਹਾਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਮਿਸ਼ਰੀ ਬਜ਼ਾਰ ਵਿਚ ਤੇਜ ਪ੍ਰਿਟਿੰਗ ਪ੍ਰੈਸ ਵਿਚ ਅੱਖਰ ਜੋੜਨ ਦਾ ਕੰਮ ਕੀਤਾ।ਫਿਰ ਉਹ ਦਿੱਲੀ ,ਨਵਯੁਗ ਪਬਲਿਸ਼ਰਜ਼ ਦੇ ਭਾਪਾ ਪ੍ਰੀਤਮ ਸਿੰਘ ਪਾਸ ਚਲੇ ਗਏ।

1971 ਦੇ ਕ੍ਰੀਬ ਉਹ ਅੰਮ੍ਰਿਤਸਰ ਆ ਗਏ ਤੇ ਘਰੋਂ ਕਿਤਾਬਾਂ ਛਾਪਣ ਦਾ ਕੰਮ ਸ਼ੁਰੂ ਕਰ ਦਿੱਤਾ।

1975 ਵਿਚ ਅੰਮ੍ਰਿਤਸਰ ਦੇ ੇ ਹਾਲ ਬਜ਼ਾਰ ਵਿਚ ਦੁਕਾਨ ਖੋਲੀ । ਇਹ ਦੁਕਾਨ ਲੇਖਕਾਂ ਦਾ ਮੱਕਾ ਸੀ। ਸਥਾਨਕ ਲੇਖਕਾਂ ਤੇ ਪਾਠਕਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਲੇਖਕ ਕਿਤਾਬਾਂ ਖ੍ਰੀਦਣ ਤੇ ਛਪਵਾਉਣ ਲਈ ਉਨ੍ਹਾਂ ਕੋਲ ਆਉਂਦੇ ਰਹਿੰਦੇ ਸਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਉਨ੍ਹਾਂ 2006 ਵਿਚ ਪਹਿਲਾਂ ਯੂਨੀਵਰਸਿਟੀ ਦੇ ਅੰਦਰ ਦੁਕਾਨ ਖੋਲੀ ।ਜਦ ਬਾਹਰ ਦੁਕਾਨਾਂ ਬਣੀਆਂ ਤਾਂ ਉਨ੍ਹਾਂ ਨੇ ਮੌਜੂਦਾ ਦੁਕਾਨ ਲੈ ਲਈ। ਉਨ੍ਹਾਂ ਨੇ 1400 ਦੇ ਕ੍ਰੀਬ ਟਾਟਿਲ ਛਾਪੇ । ਇਹ ਉਨ੍ਹਾਂ ਦੀ ਬਹੁਤ ਵੱਡੀ ਦੇਣ ਹੈ।

ਉਹ ਆਪਣੇ ਪਿੱਛੇ ਸਪਤਨੀ ਤੋਂ ਇਲਾਵਾ ਇਕ ਬੇਟਾ ਰਵਿੰਦਰਪਾਲ ਸਿੰਘ ਜੋ ਕਿ ਦੁਕਾਨ ਚਲਾ ਰਿਹਾ ਹੈ ਤੇ ਤਿੰਨ ਬੇਟੀਆਂ ਛੱਡ ਗਏ ਹਨ।ਸਭ ਤੋਂ ਵੱਡੀ ਬੇਟੀ ਜਸਵਿੰਦਰ ਕੌਰ ਦਿੱਲੀ ਰਹਿੰਦੀ ਹੈ।

ਉਸ ਤੋਂ ਛੋਟੀ ਡਾ. ਰੁਪਿੰਦਰ ਕੌਰ ਅੰਮ੍ਰਿਤਸਰ ਦੇ ਸਰਕਾਰੀ ਲੜਕੀਆਂ ਦੇ ਕਾਲਜ ਵਿਚ ਪੰਜਾਬੀ ਦੀ ਪ੍ਰੋਫ਼ੈਸਰ ਹੈ।

ਉਹ ਲੋਕਧਾਰਾ ਦੇ ਗੁਆਚ ਰਹੇ ਚਿੰਨਾਂ ਦੇ ਅਰਥ ਤਲਾਛਣ ਦਾ ਕੰਮ ਕਰ ਰਹੀ ਹੈ।

ਸਭ ਤੋਂ ਛੋਟੀ ਸਤਵਿੰਦਰ ਕੌਰ ਸਥਾਨਕ ਪੁਲੀਸ ਡੀ ਏ ਵੀ ਸਕੂਲ ਵਿਚ ਪੰਜਾਬੀ ਦੀ ਅਧਿਆਪਕ ਹੈ।

ਰਾਹੀ ਜੀ  ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਪਾਏ ਵੱਡਮੂਲੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

Previous article“ਜਿੱਥੇ ਆਕੜ ਹੁੰਦੀ ਏ ….”
Next articleਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਅਰੰਭੇ ਸੰਘਰਸ਼ ਦੀ ਸੱਜਣ ਸਿੰਘ ਚੀਮਾ ਵੱਲੋਂ ਪੁਰਜੋਰ ਹਮਾਇਤ