ਕਿਵੇਂ ਮਨਾਵਾਂ ਅੱਜ ਦੀਵਾਲੀ…..

ਅਸ਼ੋਕ ਦੀਪਕ
(ਸਮਾਜ ਵੀਕਲੀ)

ਲਹੂ ਪਿਆਰ ਦਾ ਡੁੱਲ੍ਹ ਰਿਹਾ ਏ
ਸੱਚ ਪੈਰਾਂ ਵਿਚ ਰੁਲ ਰਿਹਾ ਏ
ਝੂਠ ਦਾ ਝੰਡਾ ਝੁੱਲ ਰਿਹਾ ਏ
ਬੇਈਮਾਨੀ ਦੇ ਮੂੰਹ ਤੇ ਲਾਲੀ
ਮੈਨੂੰ ਦੱਸੋ ਦੇਸ਼ ਵਾਸੀਓ
ਕਿਵੇਂ ਮਨਾਵਾਂ ਅੱਜ ਦੀਵਾਲੀ ।

ਅੱਜ ਮਤਲਬ ਦੀ ਯਾਰ ਏ ਦੁਨੀਆਂ
ਫੁੱਲ ਦਿਸੇ ਪਰ ਖਾਰ ਏ ਦੁਨੀਆ
ਭੁੱਲੀ ਰਿਸ਼ਤੇ ਪਿਆਰ ਏ ਦੁਨੀਆ
ਅੱਖੀਉਂ ਉਹਲੇ ਹੋਈ ਹਰਿਆਲੀ
ਮੈਨੂੰ ਦੱਸੋ ਦੇਸ਼ ਵਾਸੀਓ
ਕਿਵੇਂ ਮਨਾਵਾਂ ਅੱਜ ਦੀਵਾਲੀ ।

ਜੱਗ ਜਨਨੀ ਤੇ ਜ਼ੁਲਮ ਨਾ ਮੁੱਕਦੇ
ਅਯਾਸ਼ ਅਯਾਸ਼ੀ ਤੋਂ ਨਾ ਰੁਕਦੇ
ਬੱਚਿਆਂ ਨੂੰ ਲੈ ਜਾਂਦੇ ਚੁੱਕ ਕੇ
ਬਾਗ਼ ਉਜਾੜਨ ਖੁਦ ਹੀ ਮਾਲੀ
ਮੈਨੂੰ ਦੱਸੋ ਦੇਸ਼ ਵਾਸੀਓ
ਕਿਵੇਂ ਮਨਾਵਾਂ ਅੱਜ ਦੀਵਾਲੀ ।

ਜਨਤਾ ਨੂੰ ਰਖਵਾਲੇ ਕੁੱਟਣ
ਆਗੂ ਹੱਕ ਸਮਝ ਕੇ ਲੁੱਟਣ
ਦੇਸ਼ ਦਾ ਧਨ ਵਿਦੇਸ਼ਾਂ ‘ਚ ਸੁੱਟਣ
ਲੋਕਰਾਜ ਦੀ ਸ਼ਾਨ ਨਿਰਾਲੀ
ਮੈਨੂੰ ਦੱਸੋ ਦੇਸ਼ ਵਾਸੀਓ
ਕਿਵੇਂ ਮਨਾਵਾਂ ਅੱਜ ਦੀਵਾਲੀ ।

ਮਾਂ ਪਿਓ ਦੀ ਔਲਾਦ ਸੁਣੇ ਨਾ
ਅਮਨ ਦੀ ਦਹਿਸ਼ਤਵਾਦ ਸੁਣੇ ਨਾ
ਹਾਕਮ ਵੀ ਫ਼ਰਿਆਦ ਸੁਣੇ ਨਾ
ਮੰਗੋ ਹੱਕ ਕਟੋਰਾ ਖਾਲੀ
ਮੈਨੂੰ ਦੱਸੋ ਦੇਸ਼ ਵਾਸੀਓ
ਕਿਵੇਂ ਮਨਾਵਾਂ ਅੱਜ ਦੀਵਾਲੀ ।

ਦੇਸ਼ ਚ ਕਤਲੇਆਮ ਹੋ ਰਿਹੈ
ਅੱਜ ਕਾਨੂੰਨ ਨਿਲਾਮ ਹੋ ਰਿਹੈ
ਦੀਪਕ ਨਾਂ ਬਦਨਾਮ ਹੋ ਰਿਹੈ
ਮੈਂ ਸੋਨੇ ਦੀ ਚਿੜੀਆ ਪਾਲ਼ੀ
ਮੈਨੂੰ ਦੱਸੋ ਦੇਸ਼ ਵਾਸੀਓ
ਕਿਵੇਂ ਮਨਾਵਾਂ ਅੱਜ ਦੀਵਾਲੀ ।

ਅਸ਼ੋਕ ਦੀਪਕ
9356811202

Previous articleCong disappointed with Bihar results, says P Chidambaram
Next articleਧੀ