ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਤੇ ਸੰਸਦ ਮੈਂਬਰ ਕਿਰਨ ਖੇਰ ਨੇ ਅੱਜ ਸੈਕਟਰ-33 ਸਥਿਤ ਪਾਰਟੀ ਦੇ ਦਫਤਰ ‘ਕਮਲਮ’ ਤੋਂ ਡਿਪਟੀ ਕਮਿਸ਼ਨਰ ਦੇ ਦਫਤਰ ਸੈਕਟਰ-17 ਤਕ ਰੋਡ ਸ਼ੋਅ ਕੀਤਾ ਤੇ ਆਪਣੇ ਕਾਗਜ਼ ਦਾਖਲ ਕਰਵਾਏ।
ਇਸ ਦੌਰਾਨ ਥਾਂ-ਥਾਂ ’ਤੇ ਜਾਮ ਲੱਗੇ ਅਤੇ ਆਵਜਾਈ ਵਿਚ ਵਿਘਨ ਪਿਆ। ਇਸ ਮੌਕੇ ਟਰੈਫਿਕ ਪੁਲੀਸ ਰੋਡ ਸ਼ੋਅ ਨੂੰ ਬੇਰੋਕ ਚਲਾਉਣ ਲਈ ਉਲਟਾ ਕਈ ਸੜਕਾਂ ਦੀ ਆਵਾਜਾਈ ਰੋਕ ਕੇ ਰਾਹਗੀਰਾਂ ਨੂੰ ਦੁਖੀ ਕਰਦੀ ਰਹੀ। ਇਸ ਮੌਕੇ ਰਾਹਗੀਰ ਕੜਕਦੀ ਧੁੱਪ ਵਿਚ ਜਾਮਾਂ ਵਿਚ ਫਸੇ ਸਿਆਸੀ ਆਗੂਆਂ ਨੂੰ ਕੋਸਦੇ ਰਹੇ। ਜਦੋਂ ਟਰੈਫਿਕ ਪੁਲੀਸ ਨੇ ਰੋਡ ਸ਼ੋਅ ਵਿਚ ਦੋ-ਪਹੀਆ ਵਾਹਨਾਂ ਉਪਰ ਬਿਨਾਂ ਹੈਲਮਟ ਜਾਂਦੇ ਵਿਅਕਤੀਆਂ ਦੇ ਚਲਾਨ ਕੱਟੇ ਤਾਂ ਕਈ ਭਾਜਪਾ ਵਰਕਰ ਭੜਕ ਉਠੇ। ਕਿਰਨ ਖੇਰ ਦੇ ਰੋਡ ਸ਼ੋਅ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ’ਤੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰਾ ਰਾਵਤ ਪੁੱਜੇ। ਇਸ ਮੌਕੇ ਖੁੱਲ੍ਹੀ ਗੱਡੀ ਵਿਚ ਕਿਰਨ ਖੇਰ, ਸ੍ਰੀ ਰਾਵਤ, ਕਿਰਨ ਦੇ ਪਤੀ ਤੇ ਅਭਿਨੇਤਾ ਅਨੁਪਮ ਖੇਰ ਅਤੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਸਵਾਰ ਸਨ, ਜੋ ਰੋਡ ਸ਼ੋਅ ਦੀ ਅਗਵਾਈ ਕਰ ਰਹੇ ਸਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਖਜ਼ਾਨਾ ਮੰਤਰੀ ਤੇ ਚੰਡੀਗੜ੍ਹ ਦੇ ਇੰਚਾਰਜ ਕੈਪਟਨ ਅਭਿਮਨਿਊ ਵੀ ਬਾਅਦ ਵਿਚ ਡੀਸੀ ਦਫਤਰ ਪੁੱਜ ਗਏ। ਇਸ ਮੌਕੇ ਭਾਜਪਾ ਵਿਚਲੀ ਫੁੱਟ ਸਾਫ ਝਲਕ ਰਹੀ ਸੀ।
ਸੂਤਰਾਂ ਅਨੁਸਾਰ ਪਹਿਲਾਂ ਸਵੇਰੇ ਪਾਰਟੀ ਦੇ ਦਫਤਰ ਵਿਚ ਪ੍ਰਧਾਨ ਸ੍ਰੀ ਟੰਡਨ ਤੇ ਸਾਬਕਾ ਮੇਅਰ ਤੇ ਕਿਰਨ ਦੇ ਖੇਮੇ ਨਾਲ ਸਬੰਧਤ ਦੇਵੇਸ਼ ਮੋਦਗਿਲ ਵਿਚਕਾਰ ਕਿਸੇ ਗੱਲ ਤੋਂ ਗਰਮਾਗਰਮੀ ਵੀ ਹੋਣ ਦੀ ਸੂਚਨਾ ਮਿਲੀ ਹੈ। ਟਿਕਟ ਦੇ ਦੂਸਰੇ ਦਾਅਵੇਦਾਰ ਅਤੇ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਟੰਡਨ ਦੇ ਖੇਮੇ ਦੇ ਨੇਤਾ ਅੱਜ ਆਮ ਦੇ ਉਲਟ ਦੂਸਰੀਆਂ ਕਤਾਰਾਂ ਵਿਚ ਸਨ ਜਦਕਿ ਕਿਰਨ ਖੇਮੇ ਦੇ ਆਗੂ ਸਤਿੰਦਰ ਸਿੰਘ, ਹੀਰਾ ਨੇਗੀ, ਨਰਿੰਦਰ ਚੌਧਰੀ, ਦਵਿੰਦਰ ਸਿੰਘ ਕੋਕਾ ਆਦਿ ਮੋਹਰੀ ਰੋਲ ਅਦਾ ਕਰ ਰਹੇ ਸਨ। ਇਸ ਮੌਕੇ ਸਾਰੇ ਆਗੂ ਏਕਤਾ ਦੀ ਗੱਲ ਕਰ ਰਹੇ ਸਨ ਪਰ ਸ੍ਰੀ ਟੰਡਨ ਸਮੇਤ ਉਨ੍ਹਾਂ ਦੇ ਖੇਮੇ ਦੇ ਆਗੂਆਂ ਦੇ ਚਿਹਰਿਆਂ ਤੋਂ ਨਿਰਾਸ਼ਤਾ ਸਾਫ ਝਲਕ ਰਹੀ ਸੀ। ਇਸ ਮੌਕੇ ਸ੍ਰੀ ਟੰਡਨ ਨੇ ਐਲਾਨ ਕੀਤਾ ਕਿ ਉਹ ਕਿਰਨ ਖੇਰ ਨੂੰ ਜਿਤਾ ਕੇ ਨਰਿੰਦਰ ਮੋਦੀ ਦੇ ਹੱਥ ਮਜਬੂਤ ਕਰਨਗੇ। ਇਸ ਮੌਕੇ ਜਿਆਦਾਤਰ ਨਾਅਰੇ ਮੋਦੀ ਦੇ ਹੱਕ ’ਚ ਹੀ ਗੂੰਜਦੇ ਰਹੇ।
INDIA ਕਿਰਨ ਖੇਰ ਨੇ ਰੋਡ ਸ਼ੋਅ ਮਗਰੋਂ ਨਾਮਜ਼ਦਗੀ ਭਰੀ